ਖਰੜ, 9 ਮਾਰਚ (ਗੁਰਮੁੱਖ ਸਿੰਘ ਮਾਨ)-ਖਰੜ ਤਹਿਸੀਲ ਦੇ ਪਿੰਡ ਜੰਡਪੁਰ ਤੋਂ ਠਸਕਾ ਨੂੰ ਜਾਂਦੀ ਸੰਪਰਕ ਸੜਕ ਦੀ ਹਾਲਤ ਖਸਤਾ ਹੋਈ ਪਈ ਹੈ, ਜੋ ਕਿ 'ਆਪ' ਸਰਕਾਰ ਵਲੋਂ ਵਿਕਾਸ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ | ਸੰਨੀ ਇਨਕਲੇਵ ਸੈਕਟਰ-123 ਟੀ ਬਲਾਕ ਜੋ ਕਿ ਪਿੰਡ ਜੰਡਪੁਰ ਅਤੇ ਚੰਦੋਂ ਗੋਬਿੰਦਗੜ੍ਹ ਦੇ ਸ਼ਹਿਰੀ ਖੇਤਰ ਵਿਚ ਪੈਂਦਾ ਹੈ, ਦੇ ਵਸਨੀਕ ਮਨਜੀਤ ਸਿੰਘ ਨੰਬਰਦਾਰ ਜੰਡਪੁਰ, ਅਜੈ ਸਿੰਘ, ਗੁਰਮੇਲ ਸਿੰਘ, ਬਲਜਿੰਦਰ ਸਿੰਘ, ਦੀਪਿੰਦਰ ਸਿੰਘ, ਗੋਵਿੰਦ ਤੇ ਸੁਰੇਸ਼ ਸ਼ਰਮਾ ਆਦਿ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਇਸ ਸੜਕ ਦੀ ਮੁਰੰਮਤ ਲਈ ਗਟਕਾ ਪਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਸੱਤਾ ਤਬਦੀਲ ਹੋਣ ਕਾਰਨ ਮੌਜ਼ੂਦਾ 'ਆਪ' ਸਰਕਾਰ ਵਲੋਂ ਅਜੇ ਤੱਕ ਇਸ ਸੜਕ 'ਤੇ ਪ੍ਰੀਮਿਕਸ ਨਹੀਂ ਪਾਈ ਗਈ | ਉਨ੍ਹਾਂ ਕਿਹਾ ਕਿ ਪੁੱਛ-ਪ੍ਰਤੀਤ ਹੋਣ ਕਾਰਨ ਸੜਕ 'ਤੇ ਪਹਿਲਾਂ ਪਾਇਆ ਗਿਆ ਗਟਕਾ ਖਿੱਲਰ ਚੁੱਕਾ ਹੈ ਅਤੇ ਸੜਕ ਦੀ ਹਾਲਤ ਪਿੰਡਾਂ ਦੀ ਕੱਚੀ ਪਹੀ ਵਰਗੀ ਹੋ ਚੁੱਕੀ ਹੈ | ਉਨ੍ਹਾਂ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਤੋਂ ਮੰਗ ਕੀਤੀ ਕਿ ਇਸ ਸੜਕ 'ਤੇ ਪ੍ਰੀਮਿਕਸ ਪੁਆਈ ਜਾਵੇ |