ਡੇਰਾਬੱਸੀ, 9 ਮਾਰਚ (ਗੁਰਮੀਤ ਸਿੰਘ)-ਅੰਬਾਲਾ-ਕਾਲਕਾ ਰੇਲਵੇ ਲਾਈਨ 'ਤੇ ਪਿੰਡ ਜਨੇਤਪੁਰ ਸਥਿਤ ਰੇਲਵੇ ਅੰਡਰਪਾਥ ਕੋਲ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਰੇਲਵੇ ਲਾਈਨ 'ਤੇ ਮਿ੍ਤਕ ਦੇ ਸਰੀਰ ਦੇ ਦੋ ਟੁਕੜੇ ਹੋਏ ਮਿਲੇ | ਮਿ੍ਤਕ ਦੀ ਪਛਾਣ ਨਾ ਹੋਣ ਕਰਕੇ ਰੇਲਵੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ 72 ਘੰਟਿਆਂ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਹੈ | ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇੇ ਸੈਂਪਲ ਇਕੱਤਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਤੜਕੇ ਪੌਣੇ ਚਾਰ ਵਜੇ ਸੂਚਨਾ ਮਿਲੀ ਸੀ ਕਿ ਰੇਲਵੇ ਲਾਈਨ 'ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ | ਮੌਕੇ 'ਤੇ ਪਹੁੰਚ ਕੇ ਜਾਂਚ ਕਰਨ 'ਤੇ ਪਤਾ ਚੱਲਿਆ ਕਿ ਮਿ੍ਤਕ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਰੇਲਵੇ ਲਾਈਨ 'ਤੇ ਸੁੱਟਿਆ ਗਿਆ ਸੀ | ਰੇਲਵੇ ਟਰੈਕ ਦੇ ਅੰਦਰ ਮਿ੍ਤਕ ਦੀਆਂ ਦੋਵੇਂ ਲੱਤਾਂ ਪਈਆਂ ਸਨ, ਜਦਕਿ ਬਾਕੀ ਸਰੀਰ ਟਰੈਕ ਤੋਂ ਬਾਹਰ ਪਿਆ ਸੀ | ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਊਾਦੇ ਵਿਅਕਤੀ ਨੂੰ ਬੰਨ੍ਹ ਕੇ ਰੇਲਵੇ ਲਾਈਨ 'ਤੇ ਸੁੱਟਿਆ ਗਿਆ ਹੈ ਜਾਂ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਰੇਲਵੇ ਲਾਈਨ 'ਤੇ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਤੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ | ਪੁਲਿਸ ਮੁਤਾਬਿਕ ਮਿ੍ਤਕ ਦੀ ਉਮਰ 50 ਤੋਂ 55 ਸਾਲਾਂ ਦੇ ਵਿਚਕਾਰ ਹੈ ਅਤੇ ਉਸ ਦੀ ਖੱਬੀ ਬਾਂਹ ਤੇ ਕੇ. ਐੱਸ. ਆਰ. ਡੀ. ਲਿਖਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮਾਲ ਗੱਡੀ ਦੇ ਥੱਲ੍ਹੇ ਆਉਣ ਕਾਰਨ ਮਿ੍ਤਕ ਦਾ ਧੜ ਦੋ ਹਿੱਸਿਆ 'ਚ ਵੰਡਿਆ ਹੋਇਆ ਸੀ |