ਪੰਚਕੂਲਾ, 2 ਅਪ੍ਰੈਲ (ਕਪਿਲ)-ਐਂਟੀ ਕੁਰੱਪਸ਼ਨ ਬਿਊਰੋ ਪੰਚਕੂਲਾ ਨੇ ਨਗਰ ਨਿਗਮ ਦੇ ਕਰੋੜਾਂ ਰੁ. ਗਬਨ ਕਰਨ ਦੇ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ ਤਤਕਾਲੀ ਸੀਨੀਅਰ ਅਕਾਊਾਟ ਅਫ਼ਸਰ ਵਿਕਾਸ ਕੌਸ਼ਿਕ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਗਿ੍ਫ਼ਤਾਰ ਕਰ ਲਿਆ ਹੈ | ਇਹ ਗਿ੍ਫ਼ਤਾਰੀ ਮਾਮਲਾ ਨੰ. 5 ਮਿਤੀ 24 ਮਾਰਚ 2026 ਅਧੀਨ ਵੱਖ-ਵੱਖ ਧਾਰਾਵਾਂ ਤਹਿਤ ਦਰਜ ਮਾਮਲੇ 'ਚ ਪਾਈ ਗਈ ਹੈ | ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਦੋਂ ਵਿਕਾਸ ਕੌਸ਼ਿਕ ਨਗਰ ਨਿਗਮ ਪੰਚਕੂਲਾ 'ਚ ਸੈਕਸ਼ਨ ਅਫ਼ਸਰ ਵਜੋਂ ਤਾਇਨਾਤ ਸੀ ਤਾਂ ਇਸ ਦੌਰਾਨ ਉਸ ਨੇ ਪੁਸ਼ਪਿੰਦਰ, ਜੋ ਕਿ ਕੋਟਕ ਮਹਿੰਦਰਾ ਬੈਂਕ ਸੈਕਟਰ-11 ਪੰਚਕੂਲਾ 'ਚ ਮੈਨੇਜਰ ਸੀ, ਨਾਲ ਮਿਲੀਭੁਗਤ ਕਰਕੇ ਮਈ 2020 'ਚ ਨਗਰ ਨਿਗਮ ਦੇ ਨਾਂਅ 'ਤੇ ਇਕ ਫਰਜ਼ੀ ਬੈਂਕ ਖਾਤਾ ਖੋਲਿ੍ਹਆ ਸੀ ਅਤੇ ਇਸ ਖਾਤੇ ਦੇ ਅਕਾਊਾਟ ਓਪਨਿੰਗ ਫਾਰਮ 'ਤੇ ਨਿਗਮ ਕਮਿਸ਼ਨਰ ਅਤੇ ਸੀਨੀਅਰ ਅਕਾਊਾਟ ਅਫ਼ਸਰ ਦੀਆਂ ਮੋਹਰਾਂ ਲਗਾਈਆਂ ਗਈਆਂ ਸਨ ਅਤੇ ਤਤਕਾਲੀਨ ਕਮਿਸ਼ਨਰ ਸੁਮੀਧਾ ਕਟਾਰੀਆ (ਆਈ. ਏ. ਐਸ.) ਅਤੇ ਸੀਨੀਅਰ ਅਕਾਊਾਟ ਅਫ਼ਸਰ ਸੁਸ਼ੀਲ ਕੁਮਾਰ ਦੇ ਜਾਅਲੀ ਦਸਤਖ਼ਤ ਕੀਤੇ ਗਏ ਸਨ | ਇਸ ਤੋਂ ਬਾਅਦ ਜੂਨ 2022 'ਚ ਮੁਲਜ਼ਮਾਂ ਵਲੋਂ ਇਕ ਹੋਰ ਫਰਜ਼ੀ ਖਾਤਾ ਨਗਰ ਨਿਗਮ ਦੇ ਨਾਂਅ 'ਤੇ ਖੋਲਿ੍ਹਆ ਗਿਆ ਸੀ, ਜਿਸ 'ਚ ਜਾਅਲਸਾਜ਼ੀ ਨਾਲ ਦਸਤਖਤਾਂ ਅਤੇ ਮੋਹਰਾਂ ਦੀ ਵਰਤੋਂ ਕੀਤੀ ਗਈ ਸੀ | ਮਾਮਲੇ ਦੀ ਜਾਂਚ ਅਨੁਸਾਰ ਮੁਲਜ਼ਮਾਂ ਨੇ ਫਰਜ਼ੀ ਡੈਬਿਟ ਨੋਟ (ਆਰ. ਟੀ. ਜੀ. ਐਸ./ਐਨ. ਈ. ਐਫ. ਟੀ.) ਤਿਆਰ ਕਰਕੇ ਨਿਗਮ ਦੇ ਅਸਲ ਖਾਤਿਆਂ 'ਚੋਂ ਪੈਸੇ ਇਨ੍ਹਾਂ ਫਰਜ਼ੀ ਖਾਤਿਆਂ 'ਚ ਟਰਾਂਸਫਰ ਕਰਵਾ ਲਏ ਸਨ | ਪੁਲਿਸ ਦੇ ਮੁਤਾਬਿਕ ਨਿਗਮ ਦੀਆਂ ਫਿਕਸਿਡ ਡਿਪਾਜ਼ਿਟ ( ਐਫ. ਡੀਜ਼) ਨੂੰ ਵੀ ਪ੍ਰੀ-ਮੈਚਿਊਰ ਤੌਰ 'ਤੇ ਤੋੜ ਕੇ ਰਕਮ ਨੂੰ ਫਰਜ਼ੀ ਖਾਤਿਆਂ 'ਚ ਟਰਾਂਸਫਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਰਕਮ ਵੱਖ-ਵੱਖ ਲੋਕਾਂ ਦੇ ਖਾਤਿਆਂ ਅਤੇ ਅੱਗੇ ਬਿਲਡਰਾਂ ਨੂੰ ਭੇਜੀ ਗਈ ਸੀ | ਮਾਮਲੇ 'ਚ ਹੋਰ ਖੁਲਾਸਾ ਹੋਇਆ ਹੈ ਕਿ ਜੁਲਾਈ 2025 ਅਤੇ ਫਰਵਰੀ 2026 'ਚ ਜਦੋਂ ਨਿਗਮ ਵਲੋਂ ਖਾਤਿਆਂ ਅਤੇ ਐਫ. ਡੀਜ਼. ਬਾਰੇ ਜਾਣਕਾਰੀ ਮੰਗੀ ਗਈ ਸੀ ਤਾਂ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਮੁਲਜ਼ਮਾਂ ਨੇ ਫਰਜ਼ੀ ਸਟੇਟਮੈਂਟ ਅਤੇ ਐਫ. ਡੀ. ਐਡਵਾਈਸ ਤਿਆਰ ਕਰਕੇ ਨਿਗਮ ਨੂੰ ਭੇਜ ਦਿੱਤੇ ਸਨ | ਐਂਟੀ ਕੁਰੱਪਸ਼ਨ ਬਿਊਰੋ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰਨਾਂ ਮੁਲਜ਼ਮਾਂ ਦੀ ਭੂਮਿਕਾ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |