ਚੰਡੀਗੜ੍ਹ, 2 ਅਪ੍ਰੈਲ (ਕਪਿਲ ਵਧਵਾ) ਚੰਡੀਗੜ੍ਹ ਪੁਲਿਸ ਨੇ ਮਲੋਆ ਇਲਾਕੇ ਵਿਚ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਵਿਸ਼ਾਲ ਉਰਫ਼ ਵਿਸ਼ਾਲੂ ਵਾਸੀ ਪਿੰਡ ਝਾਮਪੁਰ (ਮੁਹਾਲੀ) ਵਜੋਂ ਹੋਈ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 1 ਅਪ੍ਰੈਲ ਨੂੰ ਆਰ.ਸੀ-1 ਸਕੂਲ ਨੇੜੇ ਈ.ਡਬਲਯੂ.ਐਸ ਕਾਲੋਨੀ ਮਲੋਆ ਵਿਖੇ ਸ਼ੱਕੀ ਹਾਲਾਤਾਂ ਵਿਚ ਘੁੰਮਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ | ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ ਇਕ ਦੇਸੀ ਕੱਟਾ, ਇਕ ਦੇਸੀ ਪਿਸਤੌਲ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ | ਪੁਲਿਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਨੇ ਗੈਰ ਕਾਨੂੰਨੀ ਹਥਿਆਰ ਕੁਝ ਵਿਅਕਤੀਆਂ ਨੂੰ ਵੇਚੇ ਸਨ, ਜਿਸ ਸਬੰਧੀ ਜਾਂਚ ਜਾਰੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਗੈਂਗਸਟਰ ਨਾਲ ਵੀ ਲਿੰਕ ਹਨ, ਜਿਸ ਬਾਰੇ ਪੜਤਾਲ ਜਾਰੀ ਹੈ | ਇਸ ਸਬੰਧੀ ਥਾਣਾ ਮਲੋਆ ਚੰਡੀਗੜ੍ਹ ਵਿਚ ਅਸਲਾ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਵਲੋਂ ਮੁਲਜ਼ਮ ਤੋਂ ਅਸਲੇ ਦੇ ਸਰੋਤ ਅਤੇ ਇਸ ਦੀ ਵਰਤੋਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ |