ਚੰਡੀਗੜ੍ਹ, 3 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਸਕੱਤਰ ਮਨਸੂਰ ਮੁਹੰਮਦ ਨੇ ਅੱਜ ਸੈਕਟਰ 39 ਵਿਖੇ ਬਣ ਰਹੀ ਨਵੀਂ ਮੰਡੀ ਦਾ ਦੌਰਾ ਕਰਕੇ ਉੱਥੇ ਮੌਜੂਦਾ ਢਾਂਚੇ ਦਾ ਜਾਇਜ਼ਾ ਲਿਆ ਅਤੇ ਮੰਡੀ ਨੂੰ ਜਲਦੀ ਤੋਂ ਜਲਦੀ ਚਾਲੂ ਕਰਨ ਲਈ ਲੋੜੀਂਦੇ ਕਦਮਾਂ ਬਾਰੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ | ਦੌਰੇ ਦੌਰਾਨ ਸਕੱਤਰ ਨੇ ਮੰਡੀ ਸਾਈਟ ਦੀ ਵਿਸਥਾਰ ਨਾਲ ਜਾਂਚ ਕੀਤੀ ਅਤੇ ਉਪਲਬਧ ਬੁਨਿਆਦੀ ਢਾਂਚੇ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਬੋਰਡ ਦੇ ਤਕਨੀਕੀ ਸਟਾਫ਼ ਨਾਲ ਗੱਲਬਾਤ ਕਰਦੇ ਹੋਏ ਮੌਜੂਦਾ ਹਾਲਤ ਅਤੇ ਲੋੜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਫਲ ਤੇ ਸਬਜ਼ੀ ਮਾਰਕੀਟ 'ਚ ਬਣੇ ਐਸ.ਸੀ.ਓ. ਸਾਈਟਾਂ ਦੀ ਵੀ ਜਾਂਚ ਕੀਤੀ ਗਈ, ਜਿਨ੍ਹਾਂ 'ਤੇ ਈ-ਆਕਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ, ਇਸ ਦੇ ਨਾਲ ਹੀ ਦੂਜੇ ਪੜਾਅ ਵਜੋਂ ਤਿਆਰ ਹੋ ਰਹੀ ਅਨਾਜ ਮੰਡੀ ਦੇ ਖੇਤਰ ਦਾ ਵੀ ਮੁਆਇਨਾ ਕੀਤਾ ਗਿਆ | ਸਕੱਤਰ ਨੇ ਮੰਡੀ ਦੇ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਕਈ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਨੇ ਮੌਜੂਦਾ ਸ਼ੈੱਡਾਂ ਨੂੰ ਰੰਗਰੋਗਨ ਕਰਨ ਅਤੇ ਫਲ-ਸਬਜ਼ੀ ਮਾਰਕੀਟ ਵਿਚ ਐਸ.ਸੀ.ਓ. ਸਾਈਟਾਂ ਨੂੰ ਸਮਤਲ ਕਰਨ ਦੇ ਹੁਕਮ ਦਿੱਤੇ | ਕੂੜਾ-ਕਰਕਟ ਸੁੱਟਣ ਅਤੇ ਗੈਰਕਾਨੂੰਨੀ ਕਬਜ਼ਿਆਂ ਤੋਂ ਬਚਾਅ ਲਈ ਸਾਈਟ ਦੇ ਸੰਵੇਦਨਸ਼ੀਲ ਹਿੱਸਿਆਂ 'ਤੇ ਚੇਨ-ਲਿੰਕ ਫੈਂਸਿੰਗ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ | ਪ੍ਰਸ਼ਾਸਨਿਕ ਮੌਜੂਦਗੀ ਨੂੰ ਲਾਜ਼ਮੀ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਨਵੀਂ ਮੰਡੀ 'ਚ ਮਾਰਕੀਟਿੰਗ ਬੋਰਡ ਦਾ ਅਸਥਾਈ ਦਫ਼ਤਰ ਸਥਾਪਿਤ ਕਰਨ ਦੇ ਹੁਕਮ ਵੀ ਦਿੱਤੇ ਤਾਂ ਜੋ ਚੱਲ ਰਹੇ ਕੰਮਾਂ ਦੀ ਨਿਗਰਾਨੀ ਅਤੇ ਤਾਲੇਮਲ ਸੁਚਾਰੂ ਢੰਗ ਨਾਲ ਕੀਤਾ ਜਾ ਸਕੇ | ਸਕੱਤਰ ਦਾ ਇਹ ਦੌਰਾ ਬੋਰਡ ਦੀ ਇਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਸੈਕਟਰ 39 ਦੀ ਨਵੀਂ ਮੰਡੀ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰੀ ਤਰ੍ਹਾਂ ਚਾਲੂ ਕੀਤਾ ਜਾਵੇ, ਜਿਸ ਨਾਲ ਕਿਸਾਨਾਂ, ਵਪਾਰੀਆਂ ਅਤੇ ਹੋਰਨਾਂ ਹਿੱਸੇਦਾਰਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਹੋ ਸਕਣ |