ਡੇਰਾਬੱਸੀ, 3 ਅਪ੍ਰੈਲ (ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਅਮਲਾਲਾ ਵਿਖੇ ਨਾਜਾਇਜ਼ ਮਾਈਨਿੰਗ ਵਿਰੁੱਧ ਇਲਾਕੇ ਦੇ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ | ਨੇੜਲੇ ਪਿੰਡਾਂ ਦੇ ਵਸਨੀਕਾਂ ਵਲੋਂ ਮਾਈਨਿੰਗ ਮਾਫ਼ੀਆ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ | ਅੱਜ ਇਸ ਸੰਘਰਸ਼ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਹਲਕੇ ਦੇ ਸੀਨੀਅਰ ਭਾਜਪਾ ਆਗੂ ਅਤੇ ਪ੍ਰਸਿੱਧ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਧਰਨੇ 'ਚ ਪਹੁੰਚ ਕੇ ਲੋਕਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ | ਇਸ ਮੌਕੇ ਧਰਨਾਕਾਰੀ ਨੇ ਭਾਜਪਾ ਆਗੂ ਸੈਣੀ ਨੂੰ ਦੱਸਿਆ ਕਿ ਡੀ-ਸਿਲਟਿੰਗ ਦੇ ਨਾਂਅ 'ਤੇ ਘੱਗਰ 'ਚੋਂ ਵੱਡੇ ਪੱਧਰ 'ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ | ਮਾਈਨਿੰਗ ਦੇ ਭਾਰੀ ਭਰਕਮ ਟਿੱਪਰਾਂ ਕਾਰਨ ਘੱਗਰ ਦਰਿਆ 'ਤੇ ਬਣਿਆ ਪੁਲ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਇਹ ਪੁਲ ਘੜਾਮ ਵਾਲੇ ਬਾਬਿਆਂ ਵਲੋਂ ਕਾਰ-ਸੇਵਾ ਰਾਹੀਂ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ | ਜੇਕਰ ਮਾਈਨਿੰਗ ਤੁਰੰਤ ਨਾ ਰੁਕੀ ਤਾਂ ਪੁਲ ਕਿਸੇ ਵੀ ਵੇਲੇ ਟੁੱਟ ਸਕਦਾ ਹੈ, ਜਿਸ ਨਾਲ ਪੂਰੇ ਇਲਾਕੇ ਦਾ ਸੰਪਰਕ ਟੁੱਟ ਜਾਵੇਗਾ ਅਤੇ ਕੋਈ ਵੱਡਾ ਜਾਨੀ-ਮਾਲੀ ਨੁਕਸਾਨ ਵੀ ਹੋ ਸਕਦਾ ਹੈ | ਇਸ ਮੌਕੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਮੌਕੇ 'ਤੇ ਮੌਜੂਦ ਘੜਾਮ ਵਾਲੇ ਬਾਬਿਆਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਲੋਕਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਇਲਾਕੇ ਦੇ ਬੁਨਿਆਦੀ ਢਾਂਚੇ ਦੀ ਤਬਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਹ ਇਸ ਸੰਘਰਸ਼ 'ਚ ਇਲਾਕੇ ਦੇ ਲੋਕਾਂ ਨੂੰ ਪੂਰਨ ਸਮਰਥਨ ਦੇਣਗੇ | ਉਨ੍ਹਾਂ ਮਾਈਨਿੰਗ ਕਾਰਨ ਨੁਕਸਾਨੇ ਗਏ ਪੁਲ ਦੀ ਮੁਰੰਮਤ ਲਈ ਆਪਣੇ ਵਲੋਂ ਸੰਭਵ ਯੋਗਦਾਨ ਦੇਣ ਦਾ ਭਰੋਸਾ ਵੀ ਦਿਵਾਇਆ | ਅੰਤ 'ਚ ਧਰਨਾਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਮਾਈਨਿੰਗ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ ਅਤੇ ਪੁਲ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਓ. ਬੀ. ਸੀ. ਵਿੰਗ ਹਰਪ੍ਰੀਤ ਸਿੰਘ ਟਿੰਕੂ, ਪ੍ਰਦੀਪ ਪਾਲ ਸਿੰਘ, ਪੁਸ਼ਪਿੰਦਰ ਮਹਿਤਾ, ਮੇਜਰ ਸਿੰਘ ਪਰਾਗਪੁਰ, ਦਵਿੰਦਰ ਸਿੰਘ ਧਨੌਨੀ, ਸੰਨਤ ਭਾਰਤਵਾਜ, ਹਰਦੀਪ ਸਿੰਘ ਸੈਣੀ, ਰਿੰਕੂ ਜਨੇਤਪੁਰ ਤੇ ਢੇਰੂ ਨੰਬਰਦਾਰ ਸਮੇਤ ਵੱਡੀ ਗਿਣਤੀ ਵਿਚ ਨੇੜਲੇ ਪਿੰਡਾਂ ਦੇ ਮੁਹਤਬਰ ਵੀ ਹਾਜ਼ਰ ਸਨ |