ਸਰਕਾਰ ਤੋਂ ਤੁਰੰਤ ਕੰਪਨੀ ਵਿਰੁੱਧ ਕਾਰਵਾਈ ਦੀ ਕੀਤੀ ਮੰਗ
ਮੁੱਲਾਂਪੁਰ ਗਰੀਬਦਾਸ, 5 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਦੇ ਪਿੰਡ ਹੁਸ਼ਿਆਰਪੁਰ ਵਿਖੇ ਗਮਾਡਾ ਵਲੋਂ ਈਕੋ ਸਿਟੀ-2 ਰਿਹਾਇਸ਼ੀ ਪ੍ਰਾਜੈਕਟ ਅਧੀਨ ਇਕ ਨਾਮੀ ਨਿੱਜੀ ਰੀਅਲ ਅਸਟੇਟ ਕੰਪਨੀ ਵਲੋਂ ਤਿਆਰ ਕੀਤੀ ਕਮਰਸ਼ੀਅਲ ਸਾਈਟ ਦੀ ਚੱਲ ਰਹੀ ਉਸਾਰੀ ਦਾ ਕੰਮ ਜਿੱਥੇ ਜ਼ੋਰਾਂ 'ਤੇ ਹੈ, ਉਥੇ ਹੀ ਢੋ-ਢੁਆਈ ਦੇ ਕੰਮ ਵਿਚ ਲੱਗੇ ਸੀਮਿੰਟ ਪਲਾਂਟ ਦੀਆਂ ਗੱਡੀਆਂ ਨੇ ਪਿੰਡ ਹੁਸ਼ਿਆਰਪੁਰ ਦੇ ਵਸਨੀਕਾਂ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ ਦੀ ਨੱਕ ਵਿਚ ਦਮ ਕਰ ਰੱਖਿਆ ਹੈ | ਪਿੰਡ ਵਸਨੀਕਾਂ ਨੇ ਰੋਜ਼ ਰੋਜ਼ ਦੀ ਆਵਾਜਾਈ ਵਿਚ ਵਿਘਨ ਪਾ ਰਹੀ ਇਸ ਸਮੱਸਿਆ ਤੋਂ ਤੰਗ ਆ ਕੇ ਅੱਜ ਸਰਕਾਰ ਅਤੇ ਪ੍ਰਾਈਵੇਟ ਕੰਸਟ੍ਰਕਸ਼ਨ ਕੰਪਨੀ ਦੇ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਨੇੜੇ ਹੀ ਬਣ ਰਹੀਆਂ ਇਮਾਰਤਾਂ ਵਿਚ ਸਾਮਾਨ ਲਿਆਉਣ ਵਾਲੇ ਓਵਰਲੋਡ ਵਾਹਨ ਲਿੰਕ ਸੜਕਾਂ ਦੀ ਹਾਲਤ ਨੂੰ ਬਦ ਤੋਂ ਬਦਤਰ ਕਰ ਰਹੇ ਹਨ | ਇਹ ਲਿੰਕ ਸੜਕਾਂ ਜਿਹੜੀਆਂ ਹੁਸ਼ਿਆਰਪੁਰ ਸਮੇਤ ਪਿੰਡ ਤੱਕੀਪੁਰ, ਕੰਸਾਲਾ, ਕਰਤਾਰਪੁਰ, ਫਾਟਵਾਂ, ਢਕੋਰਾਂ ਰਾਹੀਂ ਸ਼ਹਿਰ ਕੁਰਾਲੀ ਨਾਲ ਜੁੜਦੀਆਂ ਹਨ 'ਤੇ ਰੋਜ਼ਾਨਾ ਆਪਣੇ ਕੰਮਾਂ ਕਾਰਾਂ ਨੂੰ ਜਾਣ ਵਾਲੇ ਲੋਕ, ਸਕੂਲ ਨੂੰ ਆਉਣ ਜਾਣ ਵਾਲੇ ਬੱਚੇ, ਦੋਧੀ ਅਤੇ ਰੋਜ਼ਮਰ੍ਹਾ ਜਿੰਦਗੀ ਕੰਮ ਕਰਨ ਵਾਲੇ ਲੋਕ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ ਵਿਚ ਸਰਕਾਰੀ ਹਾਈ ਸਕੂਲ ਵਿਚ ਬੱਚਿਆਂ ਦੇ ਪੇਪਰ ਚੱਲ ਰਹੇ ਹਨ, ਜਿਥੇ ਆਸ ਪਾਸ ਦੇ ਤਕਰੀਬਨ 10 ਪਿੰਡਾਂ ਦੇ ਬੱਚੇ ਪੜ੍ਹਨ ਆ ਰਹੇ ਹਨ ਤੇ ਸੜਕ ਦੀ ਇਸ ਖਸਤਾ ਹਾਲਤ 'ਚ ਕਈ ਵਾਰ ਸਾਈਕਲਾਂ 'ਤੇ ਆਉਣ ਵਾਲੀਆਂ ਲੜਕੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਹਨ | ਉਕਤ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਵੱਡੀ ਗਿਣਤੀ ਇਲਾਕੇ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਕੰਪਨੀ ਦੇ ਪ੍ਰਬੰਧਕਾਂ ਨੂੰ ਸੜਕ ਦੀ ਮੁਰੰਮਤ ਕਰਨ ਦੀ ਜ਼ਿੰਮੇਵਾਰੀ ਵੀ ਤੈਅ ਕਰੇ ਤਾਂ ਜੋ ਲੋਕਾਂ ਦਾ ਆਉਣ ਜਾਣ ਸੁਖਾਲਾ ਹੋ ਸਕੇ | ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ, ਨੰਬਰਦਾਰ ਧਰਮਿੰਦਰ ਸਿੰਘ, ਨੰਬਰਦਾਰ ਕੁਲਵਿੰਦਰ ਸਿੰਘ, ਰਣਧੀਰ ਸਿੰਘ ਪੰਚ, ਮੰਗਲ ਸਿੰਘ ਪੰਚ, ਰਵਿੰਦਰ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਅਮਰਦੀਪ ਸਿੰਘ, ਸਪਿੰਦਰ ਸਿੰਘ, ਨਰਿੰਦਰ ਸਿੰਘ ਅਤੇ ਸਵਰਨਜੀਤ ਸਿੰਘ ਤੋਂ ਇਲਾਵਾ ਪਿੰਡਾਂ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
ਪਿੰਡ ਹੁਸ਼ਿਆਰਪੁਰ ਵਿਖੇ ਰੀਅਲ ਅਸਟੇਟ ਕੰਪਨੀ ਵਿਰੁੱਧ ਰੋਸ ਪ੍ਰਦਰਸ਼ਨ
ਅਜੀਤ ਡੈਸਕ
06-04-2026