ਚੰਡੀਗੜ੍ਹ, 5 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਸੈਕਟਰ 45ਡੀ ਵਿਚ ਹਾਊਸਿੰਗ ਬੋਰਡ ਵਲੋਂ ਮਕਾਨਾਂ ਨੂੰ ਢਾਹੁਣ ਲਈ ਜਾਰੀ ਕੀਤੇ ਨੋਟਿਸਾਂ ਖ਼ਿਲਾਫ਼ ਇਲਾਕਾ ਵਾਸੀਆਂ 'ਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ | ਇਸ ਮਾਮਲੇ ਨੂੰ ਲੈ ਕੇ ਅੱਜ ਸਥਾਨਕ ਨਿਵਾਸੀਆਂ ਅਤੇ ਮਕਾਨ ਮਾਲਕਾਂ ਵਲੋਂ ਇਕ ਵੱਡੀ ਬੈਠਕ ਕੀਤੀ ਗਈ, ਜਿਸ 'ਚ ਲੋਕਾਂ ਨੇ ਇਕਜੁੱਟ ਹੋ ਕੇ ਇਸ ਕਾਰਵਾਈ ਦਾ ਡਟ ਕੇ ਵਿਰੋਧ ਕੀਤਾ ਅਤੇ ਸੀ.ਐਚ.ਬੀ. ਦੇ ਇਸ ਕਦਮ ਨੂੰ ਨਾਇਨਸਾਫ਼ੀਪੂਰਨ ਕਰਾਰ ਦਿੱਤਾ | ਬੈਠਕ ਦੌਰਾਨ ਮਕਾਨ ਮਾਲਕਾਂ ਨੇ ਫ਼ੈਸਲਾ ਲਿਆ ਕਿ ਉਹ ਆਪਣੇ ਘਰਾਂ ਦੀ ਰੱਖਿਆ ਲਈ ਹਰ ਸੰਭਵ ਸੰਘਰਸ਼ ਕਰਨਗੇ ਅਤੇ ਕਿਸੇ ਵੀ ਕੀਮਤ 'ਤੇ ਆਪਣੇ ਆਸ਼ਿਆਨਿਆਂ ਨੂੰ ਢਾਹੁਣ ਨਹੀਂ ਦੇਣਗੇ | ਨਿਵਾਸੀਆਂ ਦਾ ਕਹਿਣਾ ਸੀ ਕਿ ਸਾਲਾਂ ਤੋਂ ਵਸੇ ਹੋਏ ਘਰਾਂ ਨੂੰ ਉਜਾੜਨ ਦੀ ਕੋਸ਼ਿਸ਼ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਹ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ | ਇਸ ਮੌਕੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੋਮਵਾਰ ਨੂੰ ਸਾਰੇ ਪ੍ਰਭਾਵਿਤ ਪਰਿਵਾਰ ਇਕੱਠੇ ਹੋ ਕੇ ਹਾਊਸਿੰਗ ਬੋਰਡ ਦੇ ਦਫ਼ਤਰ ਅੱਗੇ ਸ਼ਾਂਤੀਪੂਰਨ ਧਰਨਾ-ਪ੍ਰਦਰਸ਼ਨ ਕਰਨਗੇ ਤਾਂ ਜੋ ਆਪਣੀ ਆਵਾਜ਼ ਪ੍ਰਸ਼ਾਸਨ ਤੱਕ ਮਜ਼ਬੂਤੀ ਨਾਲ ਪਹੁੰਚਾਈ ਜਾ ਸਕੇ | ਇਸ ਮੌਕੇ ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸ਼ਾਦਾਬ ਰਾਠੀ ਨੇ ਕਿਹਾ ਕਿ ਇਹ ਲੜਾਈ ਸਿਰਫ਼ ਮਕਾਨਾਂ ਦੀ ਨਹੀਂ, ਸਗੋਂ ਲੋਕਾਂ ਦੇ ਹੱਕਾਂ ਅਤੇ ਮਾਨ-ਸਨਮਾਨ ਦੀ ਵੀ ਹੈ | ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਨਤਾ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਤੁਰੰਤ ਇਸ ਕਾਰਵਾਈ ਨੂੰ ਰੋਕਿਆ ਜਾਵੇ |