ਜ਼ੀਰਕਪੁਰ, 9 ਅਪ੍ਰੈਲ (ਮਨਿੰਦਰ ਸਿੰਘ)-ਭਬਾਤ ਰੋਡ 'ਤੇ ਸਥਿਤ ਇਕ ਗੋਦਾਮ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਅਣਪਛਾਤੇ ਚੋਰ ਗੋਦਾਮ ਦੀ ਛੱਤ 'ਤੇ ਲੱਗਿਆ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਕੇਸ਼ ਬਾਂਸਲ ਵਾਸੀ ਸੈਕਟਰ-16 ਪੰਚਕੂਲਾ ਨੇ ਕਿਹਾ ਕਿ ਭਬਾਤ ਰੋਡ 'ਤੇ ਉਸ ਦਾ ਫਾਰਮਾਸਿਊਟੀਕਲ ਦਾ ਗੋਦਾਮ ਹੈ | ਇਸੇ ਤਰ੍ਹਾਂ ਉਸ ਦਾ ਅੰਬਾਲਾ ਰੋਡ 'ਤੇ ਇੰਡੀਅਨ ਓਵਰਸੀਜ਼ ਬੈਂਕ ਦੇ ਪਿੱਛੇ ਇਕ ਇਮਾਰਤ ਵਿਚ ਹੋਰ ਗੋਦਾਮ ਵੀ ਹੈ, ਜਿਥੇ ਉਸ ਨੇ ਪੁਰਾਣਾ ਫ਼ਰਨੀਚਰ, ਰਿਕਾਰਡ ਤੇ ਕੁਝ ਨਵੀਆਂ ਚੀਜ਼ਾਂ ਸਟੋਰ ਕੀਤੀਆਂ ਹੋਈਆਂ ਸਨ | ਉਸ ਨੇ ਦੱਸਿਆ ਕਿ 5 ਅਪ੍ਰੈਲ ਨੂੰ ਸ਼ਾਮ ਦੇ 7 ਵਜੇ ਦੇ ਕਰੀਬ ਉਸ ਦੇ ਗੋਦਾਮ 'ਚ ਤਾਇਨਾਤ ਸੁਰੱਖਿਆ ਗਾਰਡ ਦਿਆ ਸ਼ੰਕਰ ਰੋਜ਼ਾਨਾ ਵਾਂਗ ਗੋਦਾਮ ਨੂੰ ਤਾਲਾ ਲਗਾ ਕੇ ਘਰ ਚਲਾ ਗਿਆ ਸੀ ਅਤੇ ਜਦੋਂ ਉਹ ਅਗਲੀ ਸਵੇਰ ਗੋਦਾਮ 'ਤੇ ਪੁੱਜਿਆ ਤਾਂ ਉਸ ਨੇ ਦੂਜੀ ਮੰਜ਼ਿਲ ਦੀ ਛੱਤ ਦਾ ਦਰਵਾਜ਼ਾ ਖੁੱਲਾ ਤੇ ਪਹਿਲੀ ਮੰਜ਼ਿਲ ਦਾ ਦਰਵਾਜ਼ਾ ਟੁੱਟਿਆ ਹੋਇਆ ਦੇਖਿਆ | ਜਾਂਚ ਕਰਨ 'ਤੇ ਉਸ ਨੂੰ ਪਤਾ ਚੱਲਿਆ ਕਿ ਗੋਦਾਮ ਦੇ ਅੰਦਰ ਰੱਖਿਆ ਸਾਮਾਨ ਚੋਰੀ ਹੋ ਚੁੱਕਾ ਸੀ | ਇਥੋਂ ਤੱਕ ਕਿ ਬਾਥਰੂਮ ਦਾ ਸਾਮਾਨ ਵੀ ਗਾਇਬ ਸੀ | ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੂੰ ਕਿਸੇ 'ਤੇ ਸ਼ੱਕ ਨਹੀਂ ਹੈ ਤੇ ਇਹ ਚੋਰੀ ਅਣਪਛਾਤੇ ਵਿਅਕਤੀਆਂ ਦੁਆਰਾ ਕੀਤੀ ਗਈ ਹੈ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 331 (4) ਤੇ 305 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਇਲਾਵਾ ਆਲੇ-ਦੁਆਲੇ ਦੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ |