ਖਰੜ, 9 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਨਿਊ ਸੰਨੀ ਇਨਕਲੇਵ ਸੈਕਟਰ-125 ਖਰੜ ਵਿਖੇ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦੇ ਚਲਦਿਆਂ ਭਾਜਪਾ ਦੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਵਲੋਂ ਰੈਜ਼ੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਵਿੱਤਰ ਪਾਲ ਸਿੰਘ, ਰਾਮਕਿ੍ਸ਼ਨ ਕਟਾਰੀਆ, ਕਮਲਕਾਂਤ ਸ਼ਰਮਾ, ਜੋਗਿੰਦਰ ਪਾਲ ਸ਼ਰਮਾ, ਸ਼ਸ਼ੀ, ਹਰਮੇਲ ਸਿੰਘ, ਮੇਜਰ ਸਿੰਘ ਨੰਬਰਦਾਰ, ਜਗਤ ਸਿੰਘ ਚੌਹਾਨ ਅਤੇ ਮਨਜੀਤ ਸਿੰਘ ਸੰਧੂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਵਿਨੀਤ ਜੋਸ਼ੀ ਨੇ ਕਿਹਾ ਕਿ ਖੇਤਰ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਜੋ ਕਿ ਬਹੁਤ ਚਿੰਤਾਜਨਕ ਮਸਲਾ ਅਤੇ ਪ੍ਰਸ਼ਾਸਨਿਕ ਨਾਕਾਮੀ ਦੀ ਸਪੱਸ਼ਟ ਮਿਸਾਲ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਾਨੂੰਨੀ ਤੌਰ 'ਤੇ ਪੂਰੀ ਰਕਮ ਦੇ ਕੇ ਪਲਾਟ ਖ਼ਰੀਦੇ, ਨਕਸ਼ੇ ਪਾਸ ਕਰਵਾ ਕੇ ਘਰ ਬਣਾਏ, ਪ੍ਰਾਪਰਟੀ ਟੈਕਸ ਅਤੇ ਪੰਜਾਬ ਸਰਕਾਰ ਦੇ ਹੋਰ ਟੈਕਸ ਨਿਯਮਿਤ ਤੌਰ 'ਤੇ ਭਰ ਰਹੇ ਹਨ, ਉਨ੍ਹਾਂ ਨੂੰ ਵੀ ਅੱਜ ਪਾਣੀ ਵਰਗੀ ਬੁਨਿਆਦੀ ਸਹੂਲਤ ਨਹੀਂ ਮਿਲ ਰਹੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ, ਜਿਸ ਨਾਲ ਆਮ ਨਾਗਰਿਕਾਂ ਦਾ ਜਿਊਣਾ ਦੁਰਭਰ ਹੋ ਗਿਆ ਹੈ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਿਊ ਸੰਨੀ ਇਨਕਲੇਵ ਦੀ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ |