ਚੰਡੀਗੜ੍ਹ, 9 ਅਪ੍ਰੈਲ (ਅ.ਬ.)- ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ (ਹਰਿਆਣਾ) ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਪੁਸਤਕ 'ਦ ਮਿਰਰ ਆਫ ਆਵਰ ਏਜ: ਰਿਫਲੈਕਸ਼ਨਜ਼ ਆਨ ਸੋਸਾਇਟੀ, ਕਲਚਰ ਐਂਡ ਪਾਲਿਟਿਕਸ' ਦਾ ਅੱਜ ਤਰਲੋਚਨ ਸਿੰਘ, ਸਾਬਕਾ ਚੇਅਰਮੈਨ, ਨੈਸ਼ਨਲ ਕਮਿਸ਼ਨ ਫਾਰ ਮਾਇਨੋਰਿਟੀਜ਼, ਭਾਰਤ ਸਰਕਾਰ ਵਲੋਂ ਵਿਮੋਚਨ ਕੀਤਾ ਗਿਆ | ਇਸ ਮੌਕੇ ਤਰਲੋਚਨ ਸਿੰਘ ਨੇ ਪੁਸਤਕ ਦੀ ਸ਼ਲਾਘਾ ਕਰਦਿਆਂ ਇਸ ਨੂੰ ਇਕ ਮਹੱਤਵਪੂਰਨ ਬੌਧਿਕ ਯੋਗਦਾਨ ਕਰਾਰ ਦਿੱਤਾ, ਜੋ ਸਮਕਾਲੀ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਿਕ ਪ੍ਰਸਥਿਤੀਆਂ ਨੂੰ ਗੰਭੀਰਤਾ ਨਾਲ ਸੰਬੋਧਨ ਕਰਦੀ ਹੈ | ਉਨ੍ਹਾਂ ਕਿਹਾ ਕਿ ਇਹ ਪੁਸਤਕ ਆਧੁਨਿਕ ਸਮਾਜ ਦੇ ਬਦਲਦੇ ਰੂਪ ਬਾਰੇ ਅਰਥਪੂਰਨ ਝਲਕ ਦਿੰਦੀ ਹੈ ਅਤੇ ਜਨਹਿਤ ਦੇ ਮਸਲਿਆਂ ਉੱਤੇ ਰਚਨਾਤਮਕ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਦੀ ਹੈ | ਪੁਸਤਕ ਬਾਰੇ ਗੱਲ ਕਰਦਿਆਂ ਡਾ. ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਇਹ ਪੁਸਤਕ ਸਮਾਜ, ਸਭਿਆਚਾਰ ਅਤੇ ਰਾਜਨੀਤੀ ਨਾਲ ਸੰਬੰਧਿਤ ਸਮਕਾਲੀ ਮੁੱਦਿਆਂ ਉੱਤੇ ਵਿਚਾਰਸ਼ੀਲ ਲੇਖਾਂ ਦਾ ਸੰਗ੍ਰਹਿ ਹੈ | ਇਹ ਸਾਡੇ ਯੁੱਗ ਦੇ ਬਦਲਦੇ ਸਰੂਪ ਨੂੰ ਸਮਝਣ ਲਈ ਅਹਿਮ ਦਰਸ਼ਟੀ ਪ੍ਰਦਾਨ ਕਰਦੀ ਹੈ | ਡਾ. ਭੱਲਾ ਨੇ ਦੱਸਿਆ ਕਿ ਇਸ ਪੁਸਤਕ ਦਾ ਮੁਖਬੰਧ ਡਾ. ਕਿਰਪਾਲ ਸਿੰਘ ਔਲਖ, ਸਾਬਕਾ ਵਾਈਸ ਚਾਂਸਲਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਿਖਿਆ ਗਿਆ ਹੈ | ਇਸ ਮੌਕੇ ਡਾ. ਅਰਵਿੰਦਰ ਸਿੰਘ ਭੱਲਾ ਨੇ ਪੁਸਤਕ ਜਾਰੀ ਕਰਨ ਲਈ ਸ. ਤਰਲੋਚਨ ਸਿੰਘ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਗੁਰੂ ਨਾਨਕ ਖਾਲਸਾ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ |