ਲਾਲੜੂ, 10 ਅਪ੍ਰੈਲ (ਰਾਜਬੀਰ ਸਿੰਘ)-ਪੰਜਾਬ ਸ਼ਹਿਰੀ ਵਿਕਾਸ ਯੋਜਨਾ ਅਧੀਨ ਨਗਰ ਕੌਂਸਲ ਲਾਲੜੂ ਵਲੋਂ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਚੁਣੇ ਗਏ 57 ਲਾਭਪਾਤਰੀਆਂ ਨੂੰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਪ੍ਰਤੀ ਲਾਭਪਾਤਰੀ 2.5 ਲੱਖ ਰੁ. ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਪ੍ਰਵਾਨਗੀ ਪੱਤਰ ਵੰਡੇ ਗਏ | ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਯੋਜਨਾਵਾਂ ਦਾ ਮੁੱਖ ਉਦੇਸ਼ ਆਮ ਜਨਤਾ, ਖ਼ਾਸ ਕਰਕੇ ਆਰਥਿਕ ਤੌਰ 'ਤੇ ਕਮਜੋਰ ਵਰਗ ਦੀ ਜੀਵਨ ਸਥਿਤੀ ਵਿਚ ਸੁਧਾਰ ਲਿਆਉਣਾ ਹੈ | ਉਨ੍ਹਾਂ ਕਿਹਾ ਕਿ ਕੱਚੀਆਂ ਛੱਤਾਂ ਨੂੰ ਪੱਕੀਆਂ ਬਣਾਉਣ ਲਈ ਦਿੱਤੀ ਜਾ ਰਹੀ ਇਹ ਮਦਦ ਰਾਸ਼ੀ ਲਾਭਪਾਤਰੀਆਂ ਲਈ ਵੱਡੀ ਰਾਹਤ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਨਾ ਸਿਰਫ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਮਜ਼ਬੂਤ ਛੱਤਾਂ ਪ੍ਰਾਪਤ ਹੋਣਗੀਆਂ, ਸਗੋਂ ਉਨ੍ਹਾਂ ਦੀ ਜੀਵਨ ਗੁਣਵੱਤਾ ਵਿਚ ਵੀ ਮਹੱਤਵਪੂਰਨ ਸੁਧਾਰ ਆਵੇਗਾ | ਇਸ ਮੌਕੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਾਇਤਾ ਨਾਲ ਉਹ ਆਪਣੇ ਘਰਾਂ ਨੂੰ ਪੱਕਾ ਅਤੇ ਸੁਰੱਖਿਅਤ ਬਣਾਉਣ 'ਚ ਸਮਰੱਥ ਹੋਣਗੇ | ਜ਼ਿਕਰਯੋਗ ਹੈ ਕਿ ਇਹ ਗ੍ਰਾਂਟ ਲਾਭਪਾਤਰੀਆਂ ਨੂੰ ਪੜਾਅਵਾਰ ਢੰਗ ਨਾਲ ਉਸਾਰੀ ਸ਼ੁਰੂ ਕਰਨ ਤੋਂ ਲੈ ਕੇ ਮੁਕੰਮਲ ਕਰਨ ਤੱਕ ਵੱਖ ਵੱਖ ਕਿਸਤਾਂ ਵਿਚ ਮਿਲੇਗੀ |