ਲਾਲੜੂ, 10 ਅਪ੍ਰੈਲ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਦੇ ਵਾਰਡ ਨੰ. 10 ਵਿਚ ਪੈਂਦੀ ਆਲਮਗੀਰ ਸੰਪਰਕ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ | ਪਿੰਡ ਆਲਗੀਰ ਵਾਸੀ ਅਵਤਾਰ ਸਿੰਘ, ਬਲਬੀਰ ਸਿੰਘ, ਜਸ਼ਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਤੇ ਜਸਵੰਤ ਸਿੰਘ ਆਦਿ ਦਾ ਕਹਿਣਾ ਹੈ ਕਿ ਆਲਮਗੀਰ ਨੂੰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨਾਲ ਜੋੜਨ ਵਾਲੀ ਸੰਪਰਕ ਸੜਕ ਪਿਛਲੇ ਕਈਾ ਸਾਲਾ ਤੋਂ ਮੁਰੰਮਤ ਨੂੰ ਤਰਸ ਰਹੀ ਹੈ, ਜਿਸ ਕਰਕੇ ਸੜਕ ਦੀ ਹਾਲਤ ਕਾਫੀ ਵਿਗੜ ਗਈ ਹੈ | ਉਨ੍ਹਾਂ ਦੱਸਿਆ ਕਿ ਸੜਕ ਕਈ ਥਾਵਾਂ 'ਤੇ ਟੁੱਟ ਗਈ ਹੈ ਤੇ ਇਸ ਵਿਚ ਵੱਡੇ-ਵੱਡੇ ਟੋਏ ਪੈ ਗਏ ਹਨ | ਇਸ 'ਤੇ ਪੈਦਲ ਚੱਲਣ ਵਾਲਿਆਂ ਦੇ ਨਾਲ-ਨਾਲ ਦੋ-ਪਹੀਆ ਅਤੇ ਚਾਰ-ਪਹੀਆ ਵਾਹਨ ਚਾਲਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੰਗੀਆਂ ਸੜਕਾਂ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਇਹ ਵਾਅਦਾ ਅਧੂਰਾ ਰਹਿੰਦਾ ਦਿਖਾਈ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਇਸ ਸੜਕ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ, ਲੋਕ ਟੋਇਆਂ 'ਚ ਡਿੱਗ ਕੇ ਸੱਟਾਂ ਖਾ ਰਹੇ ਹਨ ਅਤੇ ਖੜ੍ਹੇ ਪਾਣੀ ਕਾਰਨ ਸੜਕ ਦੀ ਹਾਲਤ ਹੋਰ ਖਸਤਾ ਹੁੰਦੀ ਜਾ ਰਹੀ ਹੈ | ਪਿੰਡ ਵਾਸੀਆਂ ਦੀ ਮੰਗ ਹੈ ਕਿ ਨਗਰ ਕੌਂਸਲ ਜਾਂ ਪੰਜਾਬ ਸਰਕਾਰ ਵਲੋਂ ਇਸ ਸੜਕ ਨੂੰ ਜਲਦੀ ਬਣਵਾਇਆ ਜਾਵੇ ਤਾਂ ਜੋ ਪਿੰਡ ਵਾਸੀ ਬਿਹਤਰ ਜ਼ਿੰਦਗੀ ਜੀ ਸਕਣ | ਇਸ ਸੰਬੰਧੀ ਸੰਪਰਕ ਕਰਨ 'ਤੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਅਸ਼ੋਕ ਪਥਰੀਆ ਨੇ ਕਿਹਾ ਹੈ ਕਿ ਉਝ ਤਾਂ ਇਹ ਸੜਕ ਪੰਜਾਬ ਮੰਡੀਕਰਨ ਬੋਰਡ ਦੇ ਅਧਿਕਾਰ ਖੇਤਰ 'ਚ ਆਉਂਦੀ ਹੈ, ਪਰ ਫਿਰ ਵੀ ਨਗਰ ਕੌਂਸਲ ਵਲੋਂ ਇਸ ਦੀ ਮੁਰੰਮਤ ਜਲਦੀ ਹੀ ਕਰਵਾ ਦਿੱਤੀ ਜਾਵੇਗੀ |