ਖਰੜ, 15 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਵਿੱਦਿਆ ਵੈਲੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਵਿਖੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਤਿਉਹਾਰ ਨੂੰ ਲੈ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਸਕੂਲ ਕੈਂਪਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਗਿਆ ਸੀ | ਇਸ ਮੌਕੇ ਸਭ ਤੋਂ ਪਹਿਲਾਂ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ, ਉਪਰੰਤ ਵਿਦਿਆਰਥੀਆਂ ਵਲੋਂ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਭੰਗੜੇ ਤੇ ਗਿੱਧੇ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ | ਇਸ ਮੌਕੇ ਪੰਜਾਬ ਦੇ ਰਿਵਾਇਤੀ ਪਹਿਰਾਵੇ 'ਚ ਸਜ ਕੇ ਕਿੰਡਰਗਾਰਟਨ ਦੇ ਬੱਚਿਆਂ ਵਲੋਂ ਵੀ ਕਈ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ | ਅੰਤ 'ਚ ਸਕੂਲ ਪਿ੍ੰ. ਡਾ. ਸੁਮਨ ਲਤਾ ਨੇ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਚੇਅਰਪਰਸਨ ਸੁਰਿੰਦਰ ਕੌਰ ਤੇ ਡਾਇਰੈਕਟਰ ਸਿਮਰਪ੍ਰੀਤ ਸਿੰਘ ਸਮੇਤ ਸਮੁੱਚੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ |