ਚੰਡੀਗੜ੍ਹ, 17 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਸ਼ਹਿਰ 'ਚ ਨਸ਼ਾ ਤਸਕਰੀ 'ਤੇ ਨਕੇਲ ਕਸਦਿਆਂ ਪੁਲਿਸ ਨੇ ਸੁਖਨਾ ਚੌਕ ਇਲਾਕੇ 'ਚ ਕਾਰਵਾਈ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਪੁਲਿਸ ਵਲੋਂ ਤਲਾਸ਼ੀ ਦੌਰਾਨ ਦੋਸ਼ੀ ਦੇ ਕਬਜ਼ੇ 'ਚੋਂ ਵੱਡੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ ਹੋਇਆ | ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਵਿਪਿਨ ਉਰਫ਼ ਆਦਿਤਿਆ, ਵਾਸੀ ਹੱਲੋ ਮਾਜਰਾ, ਚੰਡੀਗੜ੍ਹ ਵਜੋਂ ਹੋਈ ਹੈ | ਉਸ ਨੂੰ ਸੁਖਨਾ ਚੌਕ, ਮੱਖਣ ਮਾਜਰਾ ਨੇੜੇ ਤੋਂ ਕਾਬੂ ਕੀਤਾ | ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ 16.41 ਗ੍ਰਾਮ ਹੈਰੋਇਨ ਬਰਾਮਦ ਹੋਈ | ਦੋਸ਼ੀ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਸੰਪਰਕ ਹੋਰ ਤਸਕਰਾਂ ਨਾਲ ਵੀ ਹੋ ਸਕਦੇ ਹਨ | ਇਸ ਗੱਲ ਦੀ ਪੁਸ਼ਟੀ ਲਈ ਪੁਲਿਸ ਵਲੋਂ ਉਸ ਦੀ ਪਿਛੋਕੜ ਤੇ ਕਾਲ ਡੀਟੇਲਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਇਸ ਸੰਬੰਧੀ ਥਾਣਾ ਮੌਲੀ ਜੱਗਰਾਂ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ | ਪੁਲਿਸ ਵਲੋਂ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਨਸ਼ਾ ਸਪਲਾਈ ਚੇਨ ਦੇ ਹੋਰ ਕੜੀਆਂ ਤੱਕ ਪਹੁੰਚ ਬਣਾਈ ਜਾ ਸਕੇ | ਯੂ. ਟੀ. ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਨਸ਼ੇ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ | ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਗਿ੍ਫ਼ਤਾਰੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ |