ਐੱਸ. ਏ. ਐੱਸ. ਨਗਰ, 17 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਅਮਰ ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਅੱਜ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕੈਂਸਰ ਦੀ ਮੁਫ਼ਤ ਜਾਂਚ ਸੰਬੰਧੀ ਕੈਂਪ ਲਗਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਵਲੋਂ ਬ੍ਰੈਸਟ ਕੈਂਸਰ ਦੀ ਜਾਂਚ ਲਈ ਔਰਤਾਂ ਦੇ ਮੈਮੋਗ੍ਰਾਫੀ ਟੈਸਟ, ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਟੈਸਟ, ਪੈਪ ਸਮੀਅਰ ਟੈਸਟ, ਪੀ. ਐਸ. ਏ. ਟੈਸਟ, ਮੂੰਹ ਤੇ ਗਲੇ ਦੀ ਕੈਂਸਰ ਦੀ ਜਾਂਚ ਲਈ ਟੈਸਟ ਅਤੇ ਮਰਦਾਂ ਦੇ ਗਦੂਦਾਂ ਦੇ ਕੈਂਸਰ ਦੀ ਜਾਂਚ ਲਈ ਟੈਸਟ ਕੀਤੇ ਗਏ | ਇਸ ਤੋਂ ਇਲਾਵਾ ਸ਼ੂਗਰ ਤੇ ਬੀ. ਪੀ. ਚੈੱਕ ਕਰਨ ਦੇ ਨਾਲ ਹੀ ਹੱਡੀਆਂ ਦੀ ਜਾਂਚ ਦੇ ਟੈਸਟ ਵੀ ਕੀਤੇ ਗਏ, ਜਦਕਿ ਲੋੜਵੰਦਾਂ ਨੂੰ ਜਨਰਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਇਸੇ ਦੌਰਾਨ ਡਾ. ਮਲਵਿੰਦਰ ਕੌਰ ਚੀਮਾ (ਐਮ. ਡੀ. ਐਸ. ਓਰਲ ਸਕ੍ਰੀਨਿੰਗ ਸਪੈਸ਼ਲਿਸਟ) ਵਲੋਂ ਕੈਂਸਰ ਦੇ ਮਰੀਜ਼ਾਂ ਨੂੰ ਸਹੀ ਸਲਾਹ ਦਿੱਤੀ ਗਈ | ਇਸ ਕੈਂਪ 'ਚ ਵੱਡੀ ਗਿਣਤੀ ਲੋੜਵੰਦ ਮਰੀਜ਼ਾਂ ਵਲੋਂ ਆਪਣੀ ਜਾਂਚ ਕਰਵਾਈ ਅਤੇ ਲੋੜ ਅਨੁਸਾਰ ਦਵਾਈਆਂ ਪ੍ਰਾਪਤ ਕੀਤੀਆਂ ਗਈਆਂ | ਕੈਂਪ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ |