ਚੰਡੀਗੜ੍ਹ, 17 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)ਨਾਰੀ ਸ਼ਕਤੀ ਵੰਦਨ ਬਿੱਲ ਨੂੰ ਲੈ ਕੇ ਲੋਕ ਸਭਾ 'ਚ ਬਣੇ ਤਣਾਅਪੂਰਨ ਮਾਹੌਲ ਦੇ ਦਰਮਿਆਨ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਦੀ ਭੂਮਿਕਾ ਨੂੰ ਮਹਿਲਾ ਵਿਰੋਧੀ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਨਾਰੀ ਸ਼ਕਤੀ ਵੰਦਨ ਬਿੱਲ ਦਾ ਮਕਸਦ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇ ਕੇ ਉਨ੍ਹਾਂ ਨੂੰ ਫ਼ੈਸਲਾ ਲੈਣ ਵਾਲੀ ਪ੍ਰਕਿਰਿਆ ਵਿਚ ਸਮਾਨ ਹਿੱਸੇਦਾਰੀ ਦੇਣਾ ਹੈ, ਪਰ ਕਾਂਗਰਸ, ਟੀ. ਐਮ. ਸੀ., ਡੀ. ਐਮ. ਕੇ. ਤੇ ਸਮਾਜਵਾਦੀ ਪਾਰਟੀ ਵਲੋਂ ਇਸ ਦਾ ਵਿਰੋਧ ਕਰਨਾ ਹੈਰਾਨੀਜਨਕ ਹੈ | ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਸਿਆਸੀ ਲਾਹਾ ਲੈਣ ਲਈ ਇਸ ਤਰਾਂ ਦੇ ਸੰਵੇਦਨਸ਼ੀਲ ਮਸਲਿਆਂ 'ਤੇ ਰਾਜਨੀਤੀ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਬਿੱਲ ਦਾ ਵਿਰੋਧ ਨਹੀਂ, ਸਗੋਂ ਦੇਸ਼ ਦੀਆਂ ਕਰੋੜਾਂ ਔਰਤਾਂ ਦੀਆਂ ਆਸਾਂ ਅਤੇ ਅਧਿਕਾਰਾਂ ਨਾਲ ਖਿਲਵਾੜ ਹੈ | ਸਾਲਾਂ ਤੋਂ ਲਟਕਦੇ ਇਸ ਬਿੱਲ ਨੂੰ ਮੁੜ ਰੋਕਣਾ ਦਰਸਾਉਂਦਾ ਹੈ ਕਿ ਕੁੱਝ ਪਾਰਟੀਆਂ ਦੀ ਸੋਚ ਅਜੇ ਵੀ ਨਾਰੀ ਸਸ਼ਕਤੀਕਰਨ ਦੇ ਖ਼ਿਲਾਫ਼ ਹੈ |