ਡੇਰਾਬੱਸੀ, 19 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ ਡੇਰਾਬੱਸੀ ਵਲੋਂ ਸਥਾਨਕ ਅੰਬੇਡਕਰ ਭਵਨ ਵਿਖੇ ਮਹਾਤਮਾ ਜੋਤੀਬਾ ਰਾਓ ਫੂਲੇ ਦਾ 198ਵਾਂ ਅਤੇ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਦੀ ਪ੍ਰਧਾਨਗੀ ਅਤੇ ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਘੋੜੇਵਾਲ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਦਲਿਤ ਚਿੰਤਕ ਫਤਿਹਜੰਗ ਸਿੰਘ, ਸਾਹਿਬ ਸਿੰਘ ਧਰਮਗੜ੍ਹ ਅਤੇ ਯੂ. ਪੀ. ਐਸ. ਸੀ. 'ਚ 422ਵਾਂ ਰੈਂਕ ਹਾਸਿਲ ਕਰਨ ਵਾਲੀ ਜਸਪ੍ਰੀਤ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸ਼ਮਾ ਰੋਸ਼ਨ ਦੀ ਰਸਮ ਤੋਂ ਬਾਅਦ ਐਡਵੋਕੇਟ ਅਨਮੋਲ ਸਿੰਘ ਨੇ ਸੁਸਾਇਟੀ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਬਨਵੈਤ ਨੇ ਕਿਹਾ ਕਿ ਮਹਾਤਮਾ ਫੂਲੇ ਮੁਢਲੇ ਸਮਾਜ ਸੁਧਾਰਕ ਸਨ ਅਤੇ ਅੱਜ ਦੀਆਂ ਸਰਕਾਰਾਂ ਨੂੰ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਿਆਉਣ ਲਈ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ | ਸੈਫ਼ਾਲੀ ਅੱਤਰੀ ਨੇ ਦੋਵਾਂ ਸ਼ਖ਼ਸੀਅਤਾਂ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਅੱਜ ਔਰਤਾਂ ਸਮਾਜ ਵਿਚ ਬਰਾਬਰੀ ਦਾ ਅਨੰਦ ਮਾਣ ਰਹੀਆਂ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਟੇਰੀਅਨ ਭੁਪਿੰਦਰ ਸੈਣੀ, ਮਾ. ਸ਼ਿਵਚਰਨ ਸਿੰਘ, ਜੈਲਦਾਰ ਸਿੰਘ ਹੱਸਮੁੱਖ ਸਮੇਤ ਕਈ ਹੋਰ ਪਤਵੰਤਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਅੰਤ 'ਚ ਸੁਸਾਇਟੀ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ, ਵਕੀਲ ਭਾਈਚਾਰੇ ਦੇ ਮੈਂਬਰ ਅਤੇ ਸੁਸਾਇਟੀ ਦੇ ਅਹੁਦੇਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ |