ਰੇਲ-ਗੱਡੀ ਦੀ ਲਪੇਟ ’ਚ ਆਉਣ ਕਾਰਨ ਅਣਪਛਾਤੇ ਨੌਜਵਾਨ ਦੀ ਮੌਤ
ਡੇਰਾਬੱਸੀ, 10 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਘੱਗਰ ਅਤੇ ਦੱਪਰ ਰੇਲਵੇ ਸਟੇਸ਼ਨਾਂ ਵਿਚਕਾਰ ਰੇਲਵੇ ਲਾਈਨ ‘ਤੇ ਬੀਤੀ ਰਾਤ ਇਕ ਰੇਲ-ਗੱਡੀ ਦੀ ਲਪੇਟ ‘ਚ ਆਉਣ ਕਾਰਨ ਕਰੀਬ 30 ਸਾਲਾ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਾ ਹੋਣ ਕਾਰਨ ਰੇਲਵੇ ਪੁਲਿਸ ਵਲੋਂ ਉਸ ਦੀ ਲਾਸ਼ ਨੂੰ ਸ਼ਨਾਖਤ ਲਈ ਅਗਲੇ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ ਹੈ।
ਡੇਰਾਬੱਸੀ, 10 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਘੱਗਰ ਅਤੇ ਦੱਪਰ ਰੇਲਵੇ ਸਟੇਸ਼ਨਾਂ ਵਿਚਕਾਰ ਰੇਲਵੇ ਲਾਈਨ ‘ਤੇ ਬੀਤੀ ਰਾਤ ਇਕ ਰੇਲ-ਗੱਡੀ ਦੀ ਲਪੇਟ ‘ਚ ਆਉਣ ਕਾਰਨ ਕਰੀਬ 30 ਸਾਲਾ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਾ ਹੋਣ ਕਾਰਨ ਰੇਲਵੇ ਪੁਲਿਸ ਵਲੋਂ ਉਸ ਦੀ ਲਾਸ਼ ਨੂੰ ਸ਼ਨਾਖਤ ਲਈ ਅਗਲੇ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ ਹੈ। ਪੁਲਿਸ ਵਲੋਂ ਮ੍ਰਿਤਕ ਦੀ ਪਛਾਣ ਕਰਵਾਉਣ ਲਈ ਉਸ ਦੇ ਹੁਲੀਏ, ਕੱਪੜਿਆਂ ਅਤੇ ਸਰੀਰ ‘ਤੇ ਮੌਜੂਦ ਵਿਸ਼ੇਸ਼ ਨਿਸ਼ਾਨਾਂ ਦਾ ਵੇਰਵਾ ਜਾਰੀ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਚੌਕੀ ਘੱਗਰ (ਮੁਬਾਰਿਕਪੁਰ) ਦੇ ਇੰਚਾਰਜ ਏ. ਐੱਸ. ਆਈ. ਗੁਰਜਿੰਦਰ ਸਿੰਘ ਨੇ ਦੱਸਿਆ ਕਿ 9 ਅਕਤੂਬਰ ਦੀ ਰਾਤ ਨੂੰ ਕਰੀਬ 10.10 ਵਜੇ ਰੇਲਵੇ ਕਿੱਲੋਮੀਟਰ ਨੰਬਰ 229/29-31 ਨੇੜੇ ਡੇਰਾਬੱਸੀ-ਭਾਂਖਰਪੁਰ ਫਲਾਈਓਵਰ ਕੋਲ ਰੇਲ-ਗੱਡੀ ਨੰਬਰ 14609 ਦੀ ਲਪੇਟ ‘ਚ ਆਉਣ ਕਾਰਨ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰੇ ਮ੍ਰਿਤਕ ਪ੍ਰਵਾਸੀ ਜਾਪਦਾ ਹੈ, ਹਾਲਾਂਕਿ ਉਸ ਦੀ ਪਛਾਣ ਅਤੇ ਪੱਕੇ ਪਤੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਅਨੁਸਾਰ ਮ੍ਰਿਤਕ ਦਾ ਰੰਗ ਸਾਂਵਲਾ ਤੇ ਚਿਹਰਾ ਲੰਬੂਤਰਾ ਹੈ ਅਤੇ ਉਹ ਸਿਰ ਦੋ ਮੋਨਾ ਹੈ। ਉਸ ਨੇ ਸਰੀਰ ‘ਤੇ ਚਿੱਟੇ ਰੰਗ ਦੀ ਕਮੀਜ਼, ਨੀਲੇ ਰੰਗ ਦੀ ਬੁਨੈਣ ਅਤੇ ਚਿੱਟੀ ਪੱਟੀ ਵਾਲਾ ਕਾਲੇ ਰੰਗ ਦਾ ਲੋਅਰ ਪਹਿਨਿਆ ਹੋਇਆ ਸੀ। ਪੁਲਿਸ ਮੁਤਾਬਿਕ ਮ੍ਰਿਤਕ ਦੀ ਖੱਬੀ ਬਾਂਹ ‘ਤੇ ਟੈਟੂ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਸੱਜੀ ਬਾਂਹ ਅਤੇ ਗਲੇ ‘ਚ ਕਾਲੇ ਧਾਗੇ ਪਹਿਨੇ ਹਨ, ਜਦਕਿ ਖੱਬੀ ਲੱਤ ‘ਤੇ ਪੁਰਾਣੇ ਆਪ੍ਰੇਸ਼ਨ ਦਾ ਨਿਸ਼ਾਨ ਵੀ ਮੌਜੂਦ ਹੈ।