ਲਾਲੜੂ, 26 ਅਪ੍ਰੈਲ (ਰਾਜਬੀਰ ਸਿੰਘ)-ਲਾਲੜੂ ਖੇਤਰ ਦੇ ਪਿੰਡ ਸੰਗੋਥਾ ਵਿਖੇ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਦੀ ਅਗਵਾਈ ਹੇਠ ਇਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਭਾਜਪਾ ਦੇ ਜ਼ਿਲ੍ਹਾ ਸਕੱਤਰ ਜਗਦੀਪ ਔਜਲਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਪ੍ਰੋਗਰਾਮ ਦਾ ਮੁੱਖ ਮਕਸਦ ਕੇਂਦਰ ਸਰਕਾਰ ਦੀਆਂ ਮਹਿਲਾ ਸਸ਼ਕਤੀਕਰਨ ਯੋਜਨਾਵਾਂ, ਖ਼ਾਸ ਕਰਕੇ 'ਲਖਪਤੀ ਦੀਦੀ' ਸਕੀਮ ਦੇ ਤਹਿਤ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਪ੍ਰੇਰਿਤ ਕਰਨਾ ਸੀ | ਇਸ ਮੌਕੇ ਰਾਜ ਸਭਾ ਮੈਂਬਰ ਸੰਧੂ ਨੇ ਭਰੋਸਾ ਦਿਵਾਇਆ ਕਿ ਪਿੰਡਾਂ ਨਾਲ ਸੰਬੰਧਿਤ ਮਸਲੇ ਪ੍ਰਧਾਨ ਮੰਤਰੀ ਤੱਕ ਪਹੁੰਚਾਏ ਜਾਣਗੇ ਅਤੇ ਮਹਿਲਾਵਾਂ ਲਈ ਸਕਿੱਲ ਡਿਵੈਲਪਮੈਂਟ, ਪਿੰਡਾਂ ਲਈ ਟਰਾਂਸਪੋਰਟ ਅਤੇ ਮਾਰਕੀਟਿੰਗ ਦੇ ਖੇਤਰ 'ਚ ਹੋਰ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਲਗਭਗ 1200 ਮਹਿਲਾਵਾਂ ਨੇ ਵੱਖ-ਵੱਖ ਪਿੰਡਾਂ ਤੋਂ ਹਿੱਸਾ ਲਿਆ ਅਤੇ ਆਪਣੇ ਹੁਨਰ ਦੀ ਪ੍ਰਦਰਸ਼ਨੀ ਲਗਾਈ | ਇਸ ਪ੍ਰਦਰਸ਼ਨੀ 'ਚ ਹੱਥ ਦੀ ਕਢਾਈ, ਪੰਜਾਬੀ ਜੁੱਤੀਆਂ, ਫੁਲਕਾਰੀ, ਸਵੈਟਰ, ਕੋਟੀਆਂ, ਸਿਲਾਈ, ਕਰੋਸੀਆ ਵਰਕ, ਖਿਡੌਣੇ ਅਤੇ ਮਿੱਟੀ ਦੇ ਸੁੰਦਰ ਸਜਾਵਟੀ ਦੀਵੇ ਆਦਿ ਦੇ ਨਮੂਨੇ ਸ਼ਾਮਿਲ ਸਨ | ਇਸ ਦੌਰਾਨ ਬੰਨੀ ਸੰਧੂ ਨੇ ਕਿਹਾ ਕਿ ਇਹ ਪ੍ਰਤਿਭਾਸ਼ੀਲ ਮਹਿਲਾਵਾਂ ਦਾ ਇਕ ਵੱਡਾ ਇਕੱਠ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਇਲਾਕੇ ਦੀਆਂ ਮਹਿਲਾਵਾਂ ਨੂੰ ਹਰ ਪੱਧਰ 'ਤੇ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਕੇਂਦਰ ਦੀਆਂ ਯੋਜਨਾਵਾਂ ਘਰ-ਘਰ ਤੱਕ ਪਹੁੰਚਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਡੇਰਾਬੱਸੀ ਖੇਤਰ 'ਚ ਇਸ ਸਮੇਂ ਲਗਭਗ 400 ਤੋਂ ਵੱਧ ਸੈਲਫ ਹੈਲਪ ਗਰੁੱਪ ਸਰਗਰਮ ਹਨ, ਜਿਨ੍ਹਾਂ ਰਾਹੀਂ ਮਹਿਲਾਵਾਂ ਨਾ ਸਿਰਫ ਆਪਣੇ ਰਵਾਇਤੀ ਹੁਨਰ ਨੂੰ ਨਿਖਾਰ ਰਹੀਆਂ ਹਨ, ਸਗੋਂ ਘਰ ਬੈਠੇ ਆਮਦਨ ਦੇ ਨਵੇਂ ਸਰੋਤ ਵੀ ਤਿਆਰ ਕਰ ਰਹੀਆਂ ਹਨ | ਖ਼ਾਸ ਕਰਕੇ 'ਸੇਰੀਕਲਚਰ' (ਰੇਸਮ ਉਤਪਾਦਨ) ਪ੍ਰਾਜੈਕਟ ਨੇ ਮਹਿਲਾਵਾਂ ਲਈ ਨਵੀਆਂ ਸੰਭਾਵਨਾਵਾਂ ਖੋਲ੍ਹੀਆਂ ਹਨ, ਜਿਸ ਨਾਲ ਉਹ ਤਕਨੀਕੀ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਹੋਣਗੀਆਂ | ਇਹ ਪ੍ਰਾਜੈਕਟ ਪੰਜਾਬ ਵਿਚ ਆਪਣੀ ਕਿਸਮ ਦਾ ਪਹਿਲਾ ਵੱਡਾ ਮਾਡਲ ਮੰਨਿਆ ਜਾ ਰਿਹਾ ਹੈ ਜੋ ਪਿੰਡਾਂ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ | ਮਹਿਲਾਵਾਂ ਦੀ ਸਰਗਰਮ ਭਾਗੀਦਾਰੀ ਅਤੇ ਸਰਕਾਰੀ ਸਹਿਯੋਗ ਨਾਲ ਡੇਰਾਬੱਸੀ ਹੁਣ ਆਤਮਨਿਰਭਰ ਭਾਰਤ ਵੱਲ ਇਕ ਮਜ਼ਬੂਤ ਕਦਮ ਵਜੋਂ ਉਭਰ ਰਿਹਾ ਹੈ |