ਮਾਜਰੀ, 26 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਸਥਿਤ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਦਸਵੀਂ ਦੇ ਦਿਹਾੜੇ ਸੰਬੰਧੀ ਦੋ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਉਪਰੰਤ ਹੈੱਡ ਗ੍ਰੰਥੀ ਭਾਈ ਲਵਪ੍ਰੀਤ ਸਿੰਘ ਤੇ ਜਥੇ ਨੇ ਸ਼ਬਦ ਕੀਰਤਨ ਅਤੇ ਭਾਈ ਜਸਪਾਲ ਸਿੰਘ ਧਾਨ ਦੇ ਢਾਡੀ ਜਥੇ ਨੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਖਹਿਰਾਵਾਲ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਉਣ ਵਾਲੇ ਪਰਿਵਾਰਿਕ ਮੈਂਬਰਾਂ ਤੇ ਢਾਡੀ ਜਥੇ ਭਾਈ ਜਸਪਾਲ ਸਿੰਘ ਧਾਨ ਅਤੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਤੇ ਜਨਰੇਟਰ ਲਈ ਮਾਇਆ ਦੀ ਸੇਵਾ ਕਰਨ ਵਾਲੇ ਦਾਨੀ ਸੱਜਣਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਗਤਾਂ ਤੋਂ ਇਲਾਵਾ ਮੈਂਬਰ ਗੁਰਮੀਤ ਸਿੰਘ, ਹਰਦੀਪ ਸਿੰਘ ਮੀਤ ਪ੍ਰਧਾਨ, ਮਨਦੀਪ ਸਿੰਘ ਖਿਜ਼ਰਾਬਾਦ, ਪ੍ਰੀਤਮ ਸਿੰਘ, ਜਸਪਾਲ ਸਿੰਘ, ਕਿਰਪਾਲ ਸਿੰਘ, ਸਤਿਨਾਮ ਸਿੰਘ ਸੱਤਾ, ਮਾ. ਹਰਮਿੰਦਰ ਸਿੰਘ ਖਿਜ਼ਰਾਬਾਦ ਆਦਿ ਹਾਜ਼ਰ ਸਨ |