30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਨਗਰ ਕੌਂਸਲ ਚੋਣਾਂ ਦੌਰਾਨ ਜ਼ੀਰਕਪੁਰ 'ਚ ਨਵੇਂ ਚਿਹਰੇ ਬਣ ਰਹੇ ਨੇ ਵੱਧ ਦਾਅਵੇਦਾਰ

Ad Position 21
No active advertisement
ਅਜੀਤ ਡੈਸਕ 28-04-2026
ਜ਼ੀਰਕਪੁਰ, 27 ਅਪ੍ਰੈਲ (ਹੈਪੀ ਪੰਡਵਾਲਾ)-ਨਗਰ ਕੌਂਸਲ ਚੋਣਾਂ ਬਾਬਤ ਸਿਆਸੀ ਸਰਗਰਮੀਆਂ ਨੇ ਤੇਜ਼ੀ ਫੜ੍ਹ ਲਈ ਹੈ | ਹਾਲਾਂਕਿ ਚੋਣਾਂ ਦਾ ਅਧਿਕਾਰਕ ਐਲਾਨ ਹੋਣਾ ਹਾਲੇ ਬਾਕੀ ਹੈ, ਪਰ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਤੌਰ 'ਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਜ਼ੋਰ-ਸ਼ੋਰ ਨਾਲ ਮੁਹਿੰਮ ਚਲਾਈ ਜਾ ਰਹੀ ਹੈ | ਸ਼ਹਿਰ ਦੇ ਕਈ ਵਾਰਡਾਂ 'ਚ ਸੰਭਾਵੀ ਉਮੀਦਵਾਰ ਘਰ-ਘਰ ਜਾ ਕੇ ਵੋਟਰਾਂ ਨਾਲ ਸਿੱਧਾ ਸੰਪਰਕ ਬਣਾ ਰਹੇ ਹਨ | ਇਸ ਦੇ ਨਾਲ ਹੀ ਛੋਟੀਆਂ ਮੀਟਿੰਗਾਂ ਅਤੇ ਸਮਾਗਮ ਕਰਕੇ ਆਪਣੇ ਹੱਕ 'ਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਵਾਰ ਦੀਆਂ ਚੋਣਾਂ ਦੀ ਖਾਸ ਗੱਲ ਇਹ ਹੈ ਕਿ ਵੱਡੀ ਗਿਣਤੀ ਨਵੇਂ ਚਿਹਰੇ ਮੈਦਾਨ 'ਚ ਉਤਰ ਰਹੇ ਹਨ | ਇਕ ਪਾਸੇ ਤਜ਼ਰਬੇਕਾਰ ਉਮੀਦਵਾਰ ਆਪਣੇ ਪਿਛਲੇ ਕੰਮਾਂ ਅਤੇ ਅਨੁਭਵ ਦੇ ਆਧਾਰ 'ਤੇ ਵੋਟਰਾਂ ਨੂੰ ਮਨਾਉਣ 'ਚ ਲੱਗੇ ਹਨ, ਉਥੇ ਹੀ ਨਵੇਂ ਉਮੀਦਵਾਰ ਵਿਕਾਸ ਦੇ ਨਵੇਂ ਵਿਜ਼ਨ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਖਾਸ ਕਰਕੇ ਨੌਜਵਾਨ ਵਰਗ ਦੀ ਸਰਗਰਮੀ ਇਸ ਵਾਰ ਵੱਧ ਦਿਖਾਈ ਦੇ ਰਹੀ ਹੈ, ਜੋ ਕਿ ਸੋਸ਼ਲ ਮੀਡੀਆ ਦੇ ਨਾਲ-ਨਾਲ ਮੈਦਾਨੀ ਪੱਧਰ 'ਤੇ ਵੀ ਆਪਣੀ ਪਕੜ ਮਜ਼ਬੂਤ ਬਣਾ ਰਹੇ ਹਨ | ਸਿਆਸੀ ਪਾਰਟੀਆਂ 'ਚ ਵੀ ਟਿਕਟਾਂ ਲਈ ਦੌੜ ਤੇਜ਼ ਹੋ ਚੁੱਕੀ ਹੈ | ਆਮ ਆਦਮੀ ਪਾਰਟੀ ਦੇ ਕਈ ਵਾਰਡਾਂ 'ਚ ਦੋ-ਦੋ ਆਗੂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ | ਹਾਲਾਂਕਿ ਟਿਕਟਾਂ ਦੀ ਅੰਤਿਮ ਵੰਡ ਪਾਰਟੀ ਹਾਈਕਮਾਂਡ ਜਾਂ ਹਲਕਾ ਵਿਧਾਇਕ ਵਲੋਂ ਕੀਤੀ ਜਾਵੇਗੀ | ਇਸ ਦੇ ਨਾਲ ਹੀ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਪਾਰਟੀਆਂ ਵੀ ਆਪਣੇ ਉਮੀਦਵਾਰ ਮੈਦਾਨ 'ਚ ਉਤਾਰਨ ਦੀ ਤਿਆਰੀ ਕਰ ਰਹੀਆਂ ਹਨ | ਮਹਿਲਾ ਉਮੀਦਵਾਰਾਂ ਦੀ ਭਾਗੀਦਾਰੀ ਵੀ ਇਸ ਵਾਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਚੋਣ ਮਾਹੌਲ ਨੂੰ ਨਵਾਂ ਰੂਪ ਮਿਲ ਸਕਦਾ ਹੈ | ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਕੁੱਲ 31 'ਚੋਂ 23 ਵਾਰਡਾਂ 'ਚ ਕਾਂਗਰਸ ਅਤੇ 8 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਸਨ, ਪਰ ਇਸ ਵਾਰ ਹਾਲਾਤ ਵੱਖਰੇ ਨਜ਼ਰ ਆ ਰਹੇ ਹਨ | ਸਰਕਾਰ ਵਲੋਂ ਵਾਰਡਾਂ ਦੀ ਰਿਜ਼ਰਵੇਸ਼ਨ ਸੰਬੰਧੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ | ਵਾ. ਨੰ. 15 ਅਨੁਸੂਚਿਤ ਜਾਤੀ ਲਈ ਰਾਖਵਾਂ ਕੀਤਾ ਗਿਆ ਹੈ, ਜਦਕਿ ਵਾ. ਨੰ. 24 ਤੇ 28 ਅਨੁਸੂਚਿਤ ਜਾਤੀ ਮਹਿਲਾ ਲਈ ਨਿਰਧਾਰਤ ਕੀਤੇ ਗਏ ਹਨ | ਇਸੇ ਤਰ੍ਹਾਂ ਵਾ. ਨੰ. 17 ਪਛੜੇ ਵਰਗ ਲਈ ਰਾਖਵਾਂ ਹੈ, ਜਦਕਿ 2, 4, 6, 8, 10, 12, 14, 16, 18, 20, 22, 26 ਤੇ 30 ਨੰਬਰ ਵਾਰਡ ਮਹਿਲਾਵਾਂ ਲਈ ਰਾਖਵੇਂ ਹਨ ਅਤੇ ਬਾਕੀ ਵਾਰਡ ਆਮ ਵਰਗ ਲਈ ਰੱਖੇ ਗਏ ਹਨ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਚੋਣਾਂ 'ਚ ਮੁਕਾਬਲਾ ਕਾਫੀ ਸਖ਼ਤ ਰਹੇਗਾ | ਵਧਦੇ ਉਮੀਦਵਾਰਾਂ ਅਤੇ ਜਾਗਰੂਕ ਵੋਟਰਾਂ ਦੇ ਕਾਰਨ ਹਰ ਵਾਰਡ 'ਚ ਜਬਰਦਸਤ ਟੱਕਰ ਦੇ ਆਸਾਰ ਹਨ | ਅਜਿਹੇ 'ਚ ਜਿੱਤ ਉਹੀ ਉਮੀਦਵਾਰ ਹਾਸਿਲ ਕਰੇਗਾ ਜੋ ਕਿ ਲੋਕਾਂ ਨਾਲ ਮਜ਼ਬੂਤ ਨਿੱਜੀ ਜੋੜ ਬਣਾਉਣ ਦੇ ਨਾਲ-ਨਾਲ ਵਿਕਾਸ ਲਈ ਢੁਕਵੀਂਆਂ ਯੋਜਨਾਵਾਂ ਪੇਸ਼ ਕਰੇਗਾ | ਫ਼ਿਲਹਾਲ ਜ਼ੀਰਕਪੁਰ 'ਚ ਚੋਣਾਵੀਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਸਿਆਸੀ ਗਤੀਵਿਧੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਰਾਜਵਿੰਦਰ ਸਿੰਘ ਸਰਾਓ ਨੂੰ ਸਰਬਸੰਮਤੀ ਨਾਲ ਰੈਜ਼ੀਡੈਂਸ ਵੈੱਲਫ਼ੇਅਰ ਸੁਸਾਇਟੀ ਦਾ ਪ੍ਰਧਾਨ ਚੁਣਿਆ ਅਗਲੀ ਖ਼ਬਰ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵਿਖੇ ਹੈਲਥਕੇਅਰ ਅਤੇ ਇਨਫੈਕਸ਼ਨ ਕੰਟਰੋਲ 'ਚ ਏ.ਆਈ. 'ਤੇ ਕਾਨਫਰੰਸ ਸਮਾਪਤ
Ad Position 24