ਐੱਸ. ਏ. ਐੱਸ. ਨਗਰ 2 ਮਈ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਦੇ ਬੀ. ਐਸ. ਸੀ. (ਆਨਰਜ਼) ਫ਼ਿਜ਼ੀਕਸ ਦੇ ਅੰਤਿਮ ਸਾਲ ਦੇ ਵਿਦਿਆਰਥੀ ਸਰਵੇਸ਼ ਗੁਪਤਾ ਨੇ ਅਕਾਦਮਿਕ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਸਭ ਤੋਂ ਔਖੀ ਪੋਸਟ-ਗ੍ਰੈਜੂਏਟ ਪ੍ਰਵੇਸ਼ ਪ੍ਰੀਖਿਆ (ਐਂਟਰੈਂਸ ਐਗਜ਼ਾਮ) 'ਚੋਂ ਇਕ ਆਈ. ਆਈ. ਟੀ. ਜੇ. ਏ. ਐਮ. 2026 (ਫ਼ਿਜ਼ੀਕਸ) ਵਿਚ ਆਲ ਇੰਡੀਆ ਰੈਂਕ 1 ਹਾਸਿਲ ਕਰਕੇ ਇਤਿਹਾਸ ਰਚ ਦਿੱਤਾ ਹੈ | ਫ਼ਿਜ਼ੀਕਸ (ਭੌਤਿਕ ਵਿਗਿਆਨ) ਦੇ ਸਿਧਾਂਤਾਂ ਉੱਪਰ ਬੇ-ਮਿਸਾਲ ਪਕੜ ਦਾ ਸਬੂਤ ਦਿੰਦਿਆਂ ਉਸ ਨੇ ਦੋ ਹੋਰ ਕੌਮੀ ਪੱਧਰ ਦੀਆਂ ਵੱਕਾਰੀ ਪ੍ਰੀਖਿਆਵਾਂ ਵੀ ਪਾਸ ਕੀਤੀਆਂ ਹਨ | ਨੇਪਾਲ ਦੇ ਰਹਿਣ ਵਾਲੇ ਸਰਵੇਸ਼ ਨੇ ਟਾਟਾ ਇੰਸਟੀਟਿਊਟ ਆਫ਼ ਫ਼ੰਡਾਮੈਂਟਲ ਰਿਸਰਚ ਗ੍ਰੈਜੂਏਟ ਸਕੂਲ ਪ੍ਰੀਖਿਆ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਤੋਂ ਇਲਾਵਾ ਉਸ ਨੇ ਇੰਟਰ ਯੂਨੀਵਰਸਿਟੀ ਸੈਂਟਰ ਫ਼ਾਰ ਐਸਟ੍ਰੋਨਾਮੀ ਐਂਡ ਐਸਟ੍ਰੋਫ਼ਿਜ਼ੀਕਸ (ਆਈ. ਯੂ. ਸੀ. ਏ. ਏ.) ਪੁਣੇ ਵਲੋਂ ਐਮ. ਐਸ. ਸੀ. ਪ੍ਰੋਗਰਾਮ 2026 'ਚ ਦਾਖ਼ਲੇ ਲਈ ਕਰਵਾਈ ਨੈਸ਼ਨਲ ਐਡਮਿਸ਼ਨ ਟੈਸਟ ਪ੍ਰੀਖਿਆ ਨੂੰ ਵੀ ਸਫ਼ਲਤਾਪੂਰਵਕ ਪਾਸ ਕੀਤਾ ਹੈ | ਸਰਵੇਸ਼ ਗੁਪਤਾ ਨੇ ਕਿਹਾ ਕਿ ਉਹ ਥਿਓਰਿਟੀਕਲ ਫ਼ਿਜ਼ੀਕਸ ਵਿਚ ਖੋਜ ਕਰਤਾ ਅਤੇ ਇਕ ਵਿਗਿਆਨੀ ਬਣਨਾ ਚਾਹੁੰਦਾ ਹੈ | ਟਾਟਾ ਇੰਸਟੀਟਿਊਟ ਆਫ਼ ਫ਼ੰਡਾਮੈਂਟਲ ਰਿਸਰਚ (ਟੀ. ਆਈ. ਐਫ਼. ਆਰ.) ਵਿਚ ਪੜ੍ਹਾਈ ਕਰਨ ਦਾ ਮੌਕਾ ਮਿਲਣਾ ਉਸ ਲਈ ਇਕ ਸੁਪਨਾ ਸੱਚ ਹੋਣ ਵਰਗਾ ਹੈ | ਇਸ ਬੇਮਿਸਾਲ ਪ੍ਰਾਪਤੀ 'ਤੇ ਸਰਵੇਸ਼ ਗੁਪਤਾ ਨੂੰ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਫ਼ਿਜ਼ੀਕਸ ਵਿਚ ਆਪਣੀ ਕਾਬਲੀਅਤ ਦਾ ਸਬੂਤ ਦਿੰਦਿਆਂ ਸਰਵੇਸ਼ ਨੇ ਦੇਸ਼ ਭਰ ਦੇ ਹਜ਼ਾਰਾਂ ਉਮੀਦਵਾਰਾਂ ਨੂੰ ਪਛਾੜ ਕੇ ਆਈ. ਈ. ਟੀ. ਜੇ. ਏ. ਐਮ. 2026 'ਚ ਆਲ ਇੰਡੀਆ ਰੈਂਕ 1 ਹਾਸਿਲ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਵੇਸ਼ ਦੀ ਸਫਲਤਾ ਯੂਨੀਵਰਸਿਟੀ ਦੇ ਖੋਜ-ਆਧਾਰਿਤ ਅਕਾਦਮਿਕ ਮਾਹੌਲ ਨੂੰ ਵੀ ਉਜਾਗਰ ਕਰਦੀ ਹੈ | ਸ. ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਨੇ ਕਿਊ. ਐਸ. ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਬਾਈ ਸਬਜੈਕਟ 2026 ਵਿਚ ਇਕ ਵਾਰ ਫਿਰ ਸ਼ਾਨਦਾਰ ਵਾਧਾ ਦਰਜ ਕਰਦਿਆਂ ਤਿੰਨ ਮੁੱਖ ਵਿਸ਼ਿਆਂ ਕੰਪਿਊਟਰ ਸਾਇੰਸ ਤੇ ਇਨਫਰਮੇਸ਼ਨ ਸਿਸਟਮ, ਇਲੈਕਟ੍ਰੀਕਲ-ਇਲੈਕਟ੍ਰਾਨਿਕਸ ਇੰਜੀਨੀਅਰਿੰਗ ਅਤੇ ਮਕੈਨੀਕਲ, ਐਰੋਨੌਟਿਕਲ ਤੇ ਮੈਨੂਫੈਕਚਰਿੰਗ ਇੰਜੀਨੀਅਰਿੰਗ ਵਿਚ ਦੁਨੀਆ ਦੀਆਂ ਚੋਟੀ ਦੀਆਂ 300 ਯੂਨੀਵਰਸਿਟੀਆਂ ਵਿਚ ਥਾਂ ਬਣਾਈ ਹੈ | ਇਸ ਰੈਂਕਿੰਗ ਵਿਚ 11 ਵਿਸ਼ਿਆਂ 'ਚ ਸਥਾਨ ਹਾਸਿਲ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਹੁਣ ਦੁਨੀਆ ਦੀਆਂ ਚੋਟੀ ਦੀਆਂ 1% ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋ ਗਈ ਹੈ | ਇਸ ਸਾਲ ਵਿਦਿਆਰਥੀਆਂ ਦੀ ਖੋਜ-ਅਧਾਰਿਤ ਸਿੱਖਿਆ ਲਈ 15 ਕਰੋੜ ਦਾ ਬਜਟ ਰੱਖਿਆ ਗਿਆ ਹੈ |