12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਚਕੂਲਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵਾਰਡ ਨੰਬਰ 9 ਵਿਖੇ ਹੋਈ ਝੜਪ ਦੌਰਾਨ ਕਈ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 04-05-2026
ਪੰਚਕੂਲਾ, 3 ਮਈ (ਕਪਿਲ)- ਪੰਚਕੂਲਾ ਨਗਰ ਨਿਗਮ ਚੋਣਾਂ ਲਈ ਵੋਟਿੰਗ ਨੂੰ ਕੁਝ ਦਿਨ ਹੀ ਬਾਕੀ ਰਹਿ ਗਏ ਹਨ ਅਤੇ ਚੋਣਾਵੀਂ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ | ਵੋਟਾਂ ਨੂੰ ਲੈ ਕੇ ਦੇਰ ਰਾਤ ਵਾਰਡ ਨੰਬਰ 9 ਵਿਖੇ ਝੜਪ ਹੋਣ ਅਤੇ ਤਣਾਅ ਵਧਣ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸਣਾ ਬਣਦਾ ਹੈ ਕਿ ਵਾਰਡ ਨੰਬਰ 9 ਨੂੰ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਵਾਰਡ ਮੰਨਿਆ ਜਾਂਦਾ ਹੈ ਤੇ ਅਜਿਹੇ 'ਚ ਇਸ ਘਟਨਾ ਨੇ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਦੀ ਚਿੰਤਾ ਹੋਰ ਵਧਾ ਦਿੱਤੀ ਹੈ | ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਜਪਾ ਉਮੀਦਵਾਰ ਹਰਿੰਦਰ ਮਲਿਕ ਅਤੇ ਆਜ਼ਾਦ ਉਮੀਦਵਾਰ ਮਮਤਾ ਰਵੀਕਾਂਤ ਸਵਾਮੀ ਤੇ ਉਨ੍ਹਾਂ ਦੇ ਪਤੀ ਰਵੀਕਾਂਤ ਸਵਾਮੀ ਦੇ ਸਮਰਥਕਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਕੁੱਟਮਾਰ ਸ਼ੁਰੂ ਹੋ ਗਈ | ਪ੍ਰਤੱਖਦਰਸ਼ੀਆਂ ਅਨੁਸਾਰ ਇਸ ਝੜਪ ਦੌਰਾਨ ਦੋਵਾਂ ਧਿਰਾਂ ਦੇ ਕਈ ਵਿਅਕਤੀ ਜ਼ਖਮੀ ਹੋ ਗਏ | ਝੜਪ ਤੋਂ ਬਾਅਦ ਦੋਵਾਂ ਧਿਰਾਂ ਦੇ ਸਮਰਥਕ ਸਰਕਾਰੀ ਹਸਪਤਾਲ ਵਿਖੇ ਪਹੁੰਚ ਗਏ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਚੋਣਾਂ ਨੂੰ ਲੈ ਕੇ ਉਨ੍ਹਾਂ ਦੇ ਵਾਰਡ ਨੰਬਰ 9 'ਚ ਰਾਜਸੀ ਤਣਾਅ ਲਗਾਤਾਰ ਵਧਦਾ ਜਾ ਰਿਹਾ ਸੀ, ਜੋ ਕਿ ਬੀਤੀ ਰਾਤ ਹਿੰਸਕ ਝੜਪ 'ਚ ਤਬਦੀਲ ਹੋ ਗਿਆ | ਇਸ ਸੰਬੰਧੀ ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਮਮਤਾ ਰਵੀਕਾਂਤ ਸਵਾਮੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਇਕ ਹੋਮਗਾਰਡ ਦਾ ਜਵਾਨ, ਜੋ ਕਿ ਭਾਜਪਾ ਉਮੀਦਵਾਰ ਦਾ ਰਿਸ਼ਤੇਦਾਰ ਹੈ, ਸਮੇਤ ਅਮਨ ਨਾਂਅ ਦੇ ਵਿਅਕਤੀ ਵਲੋਂ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮੁਲਜ਼ਮਾਂ ਤੋਂ ਮੁਆਫ਼ੀ ਮੰਗਵਾਈ ਜਾਵੇ ਪਰ ਇਸ ਦੌਰਾਨ ਹਾਲਾਤ ਹੋਰ ਖ਼ਰਾਬ ਹੋ ਗਏ | ਮਮਤਾ ਅਨੁਸਾਰ ਭਾਜਪਾ ਉਮੀਦਵਾਰ ਦੀ ਪਤਨੀ ਤੇ ਸਮਰਥਕਾਂ ਨੇ ਵੀ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਿਸ ਦੌਰਾਨ ਉਨ੍ਹਾਂ ਦੇ ਭਰਾ ਯੋਗੇਸ਼ ਦੇ ਸਿਰ 'ਚ ਸੱਟ ਲੱਗੀ ਜਦਕਿ ਪੁੱਤਰ ਦੇ ਸਿਰ ਤੇ ਪੇਟ 'ਚ ਸੱਟਾਂ ਲੱਗੀਆਂ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਸੀਟੀ ਸਕੈਨ ਕਰਵਾਇਆ ਗਿਆ ਹੈ ਤੇ ਰਿਪੋਰਟ ਆਉਣੀ ਹਾਲੇ ਬਾਕੀ ਹੈ | ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧ 'ਚ ਭਾਜਪਾ ਉਮੀਦਵਾਰ ਹਰਿੰਦਰ ਮਲਿਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ | ਮਲਿਕ ਨੇ ਦੋਸ਼ ਲਗਾਇਆ ਕਿ ਕੁਝ ਲੋਕ ਜਬਰਦਸਤੀ ਉਨ੍ਹਾਂ ਦੇ ਚੋਣ ਦਫ਼ਤਰ 'ਚ ਦਾਖ਼ਲ ਹੋ ਗਏ ਸਨ, ਜਿਸ ਕਾਰਨ ਸਥਿਤੀ ਵਿਗੜ ਗਈ | ਪੁਲਿਸ ਵਲੋਂ ਘਟਨਾ ਦਾ ਸੂਚਨਾ ਮਿਲਣ ਉਪਰੰਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਜ਼ੀਰਕਪੁਰ ਤੋਂ ਦੋ ਬੱਸਾਂ ਰਵਾਨਾ <br/> ਅਗਲੀ ਖ਼ਬਰ ਮਿਸਲ ਸਤਲੁਜ ਵਲੋਂ ਕੀਤੀ ਜਾਣ ਵਾਲੀ 'ਚੜ੍ਹਦੀ ਕਲਾ ਰੈਲੀ' 'ਤੇ ਪ੍ਰਸ਼ਾਸਨ ਨੇ ਲਗਾਈ ਰੋਕ <br/>
Ad Position 24