ਡੇਰਾਬੱਸੀ, 3 ਮਈ (ਰਣਬੀਰ ਸਿੰਘ ਪੜ੍ਹੀ)- ਵਿਦੇਸ਼ ਭੇਜਣ ਦੇ ਨਾਂਅ 'ਤੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਅਖੌਤੀ ਏਜੰਟਾਂ ਖ਼ਿਲਾਫ਼ ਮੁਹਿੰਮ ਵਿੱਢਦਿਆਂ ਡੇਰਾਬੱਸੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ | ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਸੋਹਨ ਸਾਹਿਬ ਟ੍ਰੇਡਿੰਗ ਕੰਪਨੀ ਦੇ ਸੰਚਾਲਕਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਸੁਨੀਤਾ ਨਿਊ ਚੰਡੀਗੜ੍ਹ ਨੇ ਦੱਸਿਆ ਕਿ ਉਸ ਨੇ ਐਸ. ਐਸ. ਪੀ. ਦਫ਼ਤਰ ਵਿਖੇ ਦਰਖਾਸਤ ਦਿੱਤੀ ਸੀ, ਜਿਸ 'ਚ ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਵਰਕ ਪਰਮਿਟ 'ਤੇ ਅਮਰੀਕਾ ਜਾਣ ਦਾ ਚਾਹਵਾਨ ਸੀ | ਇਸ ਸੰਬੰਧੀ ਉਸ ਨੇ ਸੋਹਨ ਸਾਹਿਬ ਟ੍ਰੇਡਿੰਗ ਕੰਪਨੀ (ਡੇਰਾਬੱਸੀ) ਨਾਲ ਸੰਪਰਕ ਕੀਤਾ ਸੀ | ਕੰਪਨੀ ਨੇ ਉਸ ਨਾਲ ਅਮਰੀਕਾ ਭੇਜਣ ਦਾ ਸੌਦਾ 20 ਲੱਖ 'ਚ ਤੈਅ ਕੀਤਾ ਸੀ | ਪੀੜਤ ਨੇ ਦੱਸਿਆ ਕਿ ਪੈਸੇ ਲੈਣ ਦੇ ਬਾਵਜੂਦ ਉਕਤ ਕੰਪਨੀ ਨੇ ਨਾ ਤਾਂ ਉਸ ਨੂੰ ਅਮਰੀਕਾ ਭੇਜਿਆ ਤੇ ਨਾ ਹੀ ਪੂਰੀ ਰਕਮ ਵਾਪਸ ਕੀਤੀ | ਵਾਰ-ਵਾਰ ਦਬਾਅ ਪਾਉਣ 'ਤੇ ਮੁਲਜ਼ਮਾਂ ਨੇ 6 ਲੱਖ ਰੁ. ਤਾਂ ਵਾਪਸ ਕਰ ਦਿੱਤੇ ਪਰ ਬਾਕੀ ਦੇ 14 ਲੱਖ ਰੁ. ਹੜੱਪ ਲਏ ਤੇ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ | ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ. ਐਸ. ਪੀ. ਨੇ ਪੜਤਾਲ ਹਿਊਮਨ ਟ੍ਰੈਫ਼ਿਕਿੰਗ ਯੂਨਿਟ ਨੂੰ ਸੌਂਪੀ ਸੀ ਜਿਸ ਦੇ ਇੰਚਾਰਜ ਵਲੋਂ ਕੀਤੀ ਗਈ ਬਾਰੀਕੀ ਨਾਲ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ | ਇਸ ਤੋਂ ਬਾਅਦ ਡੇਰਾਬੱਸੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਮਾਮਲੇ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਦੋਸ਼ੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ |