ਡੇਰਾਬੱਸੀ, 3 ਮਈ (ਗੁਰਮੀਤ ਸਿੰਘ)- 11 ਸਾਲ ਪਹਿਲਾਂ ਨਗਰ ਕੌਂਸਲ ਦੀ ਹਦੂਦ 'ਚ ਸ਼ਾਮਿਲ ਕੀਤੇ ਗਏ ਪਿੰਡ ਮੁਬਾਰਕਪੁਰ ਦੇ ਵਸਨੀਕ ਨਰਕ ਵਰਗੇ ਮਾਹੌਲ 'ਚ ਰਹਿਣ ਲਈ ਮਜ਼ਬੂਰ ਹਨ | ਵਾਰਡ ਨੰਬਰ 2 ਅਧੀਨ ਪੈਂਦੇ ਇਸ ਪਿੰਡ 'ਚ ਸੀਵਰੇਜ ਲਾਈਨ ਬਲਾਕ ਹੋਣ ਕਰਕੇ ਦੂਸ਼ਿਤ ਪਾਣੀ ਲੋਕਾਂ ਦੇ ਘਰਾਂ 'ਚ ਦਾਖ਼ਲ ਹੋ ਰਿਹਾ ਹੈ | ਸਥਾਨਕ ਵਸਨੀਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ | ਰਾਮਗੜ੍ਹ ਮੋੜ ਨੇੜੇ ਰਹਿੰਦੇ ਵਿਨੋਦ ਕੁਮਾਰ ਨੇ ਦੱਸਿਆ ਕਿ ਸੀਵਰੇਜ ਲਾਈਨ ਤੇ ਮੇਨਹੋਲ ਕਾਫ਼ੀ ਸਮੇਂ ਤੋਂ ਬਲਾਕ ਹੈ | ਨਗਰ ਕੌਂਸਲ ਵਿਖੇ ਸ਼ਿਕਾਇਤ ਕਰਨ ਦੇਣ ਦੇ ਬਾਵਜੂਦ ਵੀ ਕੋਈ ਸਫ਼ਾਈ ਕਰਮਚਾਰੀ ਇਸ ਨੂੰ ਖੋਲ੍ਹਣ ਲਈ ਨਹੀਂ ਆਇਆ | ਉਨ੍ਹਾਂ ਕਿਹਾ ਕਿ ਅੱਜ ਸਵੇਰੇ ਥੋੜ੍ਹੀ ਦੇਰ ਬਾਰਿਸ਼ ਹੋਣ ਤੋਂ ਬਾਅਦ ਸੀਵਰੇਜ ਬੈਕ ਮਾਰ ਗਿਆ ਤੇ ਬਰਸਾਤੀ ਪਾਣੀ ਦੇ ਨਾਲ ਦੂਸ਼ਿਤ ਪਾਣੀ ਘਰਾਂ ਵਿਚ ਦਾਖ਼ਲ ਹੋ ਗਿਆ | ਗ਼ਨੀਮਤ ਰਹੀ ਕਿ ਪਾਣੀ ਘਰਾਂ ਦੇ ਕਮਰਿਆਂ 'ਚ ਦਾਖ਼ਲ ਨਹੀਂ ਹੋਇਆ ਅਤੇ ਜੇਕਰ ਥੋੜ੍ਹੀ ਦੇਰ ਹੋਰ ਬਾਰਿਸ਼ ਹੋ ਜਾਂਦੀ ਤਾਂ ਸਾਰੇ ਦੇ ਸਾਰੇ ਘਰ ਦੂਸ਼ਿਤ ਪਾਣੀ ਨਾਲ ਭਰ ਜਾਣੇ ਸਨ | ਵਿਨੋਦ ਨੇ ਦੱਸਿਆ ਕਿ ਪਹਿਲਾਂ ਵੀ ਕਈ ਘਰਾਂ 'ਚ ਸੀਵਰੇਜ ਦਾ ਪਾਣੀ ਭਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਡੇਰਾਬੱਸੀ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਵਿਨੋਦ ਸਮੇਤ ਹੋਰਨਾਂ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ | ਇਸੇ ਦੌਰਾਨ ਸੰਪਰਕ ਕਰਨ 'ਤੇ 'ਆਪ' ਆਗੂ ਰਿਸ਼ੂ ਸ਼ਰਮਾ ਤੇ ਰਾਹੁਲ ਕੌਸ਼ਿਕ ਨੇ ਦਾਅਵਾ ਕਰਦਿਆਂ ਕਿਹਾ ਕਿ ਇਸ ਸਮੱਸਿਆ ਨੂੰ ਜਲਦ ਹੀ ਹੱਲ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ 'ਚ ਕਿਸੇ ਵੀ ਵਸਨੀਕ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ |