ਪੰਚਕੂਲਾ, 4 ਮਈ (ਕਪਿਲ)- ਪੰਚਕੂਲਾ ਪੁਲਿਸ ਨੇ ਸਾਈਬਰ ਅਪਰਾਧੀਆਂ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਡਿਜ਼ੀਟਲ ਅਰੈੱਸਟ ਰਾਹੀਂ ਧੋਖਾ ਕਰਨ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਹੈਦਰਾਬਾਦ ਤੋਂ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਪਾਥੁਕਰ ਮੁਰਲੀ ਕਿ੍ਸ਼ਨਾ ਨਿਵਾਸੀ ਹੈਦਰਾਬਾਦ ਵਜੋਂ ਹੋਈ ਹੈ, ਜਿਸ ਨੇ ਫਰਜ਼ੀ ਕੰਸਟਰਕਸ਼ਨ ਕੰਪਨੀ ਦੇ ਨਾਮ 'ਤੇ ਬੈਂਕ ਖਾਤੇ ਖੁਲ੍ਹਵਾ ਕੇ ਠੱਗੀ ਦੀ ਰਕਮ ਨੂੰ ਖਪਾਉਣ ਦਾ ਕੰਮ ਕੀਤਾ ਸੀ | ਇਸ ਮਾਮਲੇ ਵਿਚ ਇਕ ਮੁਲਜ਼ਮ ਸੌਰਭ ਕੁਮਾਰ ਵਾਸੀ ਜ਼ਿਲ੍ਹਾ ਮੈਨਪੁਰੀ ਉੱਤਰ ਪ੍ਰਦੇਸ਼ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ, ਜਿਸ ਤੋਂ ਪੁੱਛਗਿੱਛ 'ਚ ਕਈ ਅਹਿਮ ਸੁਰਾਗ ਮਿਲੇ ਸਨ | ਇਸ ਠੱਗੀ ਸੰਬੰਧੀ ਪਿੰਜੌਰ ਨਿਵਾਸੀ 70 ਸਾਲਾ ਸੇਵਾ-ਮੁਕਤ ਸੁਪਰਵਾਈਜ਼ਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸਾਈਬਰ ਠੱਗਾਂ ਨੇ ਟੀ. ਆਰ. ਏ. ਆਈ., ਸੀ. ਬੀ. ਆਈ. ਅਤੇ ਮਹਾਂਰਾਸ਼ਟਰ ਪੁਲਿਸ ਦੇ ਫਰਜ਼ੀ ਅਧਿਕਾਰੀ ਬਣ ਕੇ ਫੋਨ ਕੀਤਾ ਅਤੇ ਠੱਗਾਂ ਨੇ ਪੀੜਤ ਨੂੰ ਡਰਾਇਆ ਕਿ ਉਸਦੇ ਆਧਾਰ ਕਾਰਡ ਨਾਲ ਜੁੜੇ ਇਕ ਸਿਮ ਕਾਰਡ ਰਾਹੀਂ ਮਨੀ ਲਾਂਡਰਿੰਗ ਅਤੇ ਭਾਰੀ ਵਿੱਤੀ ਧੋਖਾਧੜੀ ਕੀਤੀ ਗਈ ਹੈ, ਜਿਸ ਤੋਂ ਬਾਅਦ ਆਪਣੇ ਆਪ ਨੂੰ ਕਾਨੂੰਨੀ ਪਚੜੇ ਤੋਂ ਬਚਾਉਣ ਤੇ ਬੈਂਕ ਖਾਤਿਆਂ ਦੀ ਜਾਂਚ ਕਰਵਾਉਣ ਦੇ ਨਾਮ 'ਤੇ ਠੱਗਾਂ ਨੇ ਪੀੜਤ ਨੂੰ ਡਿਜ਼ੀਟਲ ਅਰੇਸਟ ਕਰ ਲਿਆ ਤੇ ਡਰਾ-ਧਮਕਾ ਕੇ ਵੱਖ-ਵੱਖ ਕਿਸ਼ਤਾਂ ਵਿਚ ਕੁੱਲ 80,09,500 ਰੁ. ਆਪਣੇ ਦੱਸੇ ਖਾਤਿਆਂ ਵਿਚ ਟ੍ਰਾਂਸਫਰ ਕਰਵਾ ਲਏ | ਸ਼ਿਕਾਇਤ ਦੇ ਆਧਾਰ 'ਤੇ ਸਾਈਬਰ ਕ੍ਰਾਈਮ ਥਾਣੇ ਵਿਚ 19 ਜਨਵਰੀ 2026 ਨੂੰ ਮਾਮਲਾ ਦਰਜ ਕੀਤਾ ਗਿਆ | ਇਸ ਸ਼ਿਕਾਇਤ ਦੇ ਅਧਾਰ 'ਤੇ ਥਾਣਾ ਇੰਚਾਰਜ ਯੁੱਧਵੀਰ ਸਿੰਘ ਦੀ ਅਗਵਾਈ 'ਚ ਜਾਂਚ ਅਧਿਕਾਰੀ ਏ. ਐਸ. ਆਈ. ਰਵਿੰਦਰ ਨੇ ਟੀਮ ਦੀ ਮਦਦ ਨਾਲ ਤਕਨੀਕੀ ਵਿਸ਼ਲੇਸ਼ਣ ਅਤੇ ਬੈਂਕ ਖਾਤਿਆਂ ਦੀਆਂ ਕੜੀਆਂ ਜੋੜਦਿਆਂ ਜਾਂਚ ਨੂੰ ਅੱਗੇ ਵਧਾਇਆ ਤੇ ਇਸ ਜਾਂਚ ਦੌਰਾਨ ਪੁਲਿਸ ਨੂੰ ਹੈਦਰਾਬਾਦ ਸਥਿਤ ਜੀ. ਐਸ. ਆਰ. ਕੰਸਟਰਕਸ਼ਨ ਐਂਡ ਡੈਵਲਪਰ ਦੇ ਇਕ ਸ਼ੱਕੀ ਖਾਤੇ ਦਾ ਪਤਾ ਲੱਗਿਆ, ਜਿਸ ਵਿਚ ਠੱਗੀ ਦੀ ਪਹਿਲੀ ਵੱਡੀ ਕਿਸ਼ਤ (62 ਲੱਖ ਰੁ.) ਟ੍ਰਾਂਸਫਰ ਹੋਈ ਸੀ | ਪੁਲਿਸ ਟੀਮ ਨੇ ਹੈਦਰਾਬਾਦ 'ਚ ਛਾਪੇਮਾਰੀ ਕਰਕੇ 2 ਮਈ ਨੂੰ ਮੁਲਜ਼ਮ ਮੁਰਲੀ ਕਿ੍ਸ਼ਨਾ ਨੂੰ ਕਾਬੂ ਕਰ ਲਿਆ | ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮਨਿਆ ਕਿ ਉਸ ਨੇ ਫਰਜ਼ੀ ਰੈਂਟ ਅਗਰੀਮੈਂਟ ਤੇ ਪਾਰਟਨਰਸ਼ਿਪ ਡੀਡ ਤਿਆਰ ਕਰਕੇ ਇਹ ਕੰਪਨੀ ਬਣਾਈ ਸੀ ਤਾਂ ਜੋ ਗੈਰ-ਕਾਨੂੰਨੀ ਲੈਣ-ਦੇਣ ਨੂੰ ਕਾਨੂੰਨੀ ਦਿਖਾਇਆ ਜਾ ਸਕੇ | ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਤੋਂ ਫਰਜ਼ੀ ਦਸਤਾਵੇਜ਼ ਤੇ ਰੈਂਟ ਅਗਰੀਮੈਂਟ ਵੀ ਬਰਾਮਦ ਕੀਤੇ ਹਨ | ਇਸ ਮਗਰੋਂ 3 ਮਈ ਨੂੰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ | ਇਸ ਮਾਮਲੇ 'ਚ ਡੀ. ਸੀ. ਪੀ. ਕ੍ਰਾਈਮ ਐਂਡ ਟ੍ਰੈਫਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੂਜੇ ਮੁਲਜ਼ਮ ਨੂੰ ਹੈਦਰਾਬਾਦ ਤੋਂ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਫਰਜ਼ੀ ਕੰਪਨੀਆਂ ਬਣਾਕੇ 80 ਲੱਖ ਦੀ ਠੱਗੀ ਨੂੰ ਅੰਜਾਮ ਦੇਣ ਵਿਚ ਮਦਦ ਕੀਤੀ |