08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਐਲੀਵੇਟਿਡ ਵਾਕਵੇ ਤੋਂ ਸਟੂਡੈਂਟ ਸਹਾਇਤਾ ਤੱਕ, ਚੰਡੀਗੜ੍ਹ ਲਈ ਵੱਡਾ ਬਲੂਪਿ੍ੰਟ ਤਿਆਰ

Ad Position 21
No active advertisement
ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਤੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਬੀ.ਐਮ.ਸੀ. ਦੇ ਅਧਿਕਾਰੀਆਂ ਨਾਲ ਐਲੀਵੇਟਿਡ ਵਾਕਵੇ ਅਤੇ ਨੇਚਰ ਟਰੇਲਜ਼ ਵਰਗੀਆਂ ਯੋਜਨਾਵਾਂ ਦਾ ਜ਼ਾਇਜਾ ਲੈਂਦੇ ਹੋਏ | (ਸੱਜੇ) ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਦਾ ਮੁੰਬਈ ਪਹੁੰਚਣ 'ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੀ ਬੀ.ਐਮ.ਸੀ. ਦੀ ਮੇਅਰ ਰਿਤੂ ਤਾਵੜੇ | ਅਜੀਤ ਤਸਵੀਰ <br/> 05-05-2026
ਚੰਡੀਗੜ੍ਹ, 4 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਦੇ ਵਿਕਾਸ ਲਈ ਉਸ ਵੇਲੇ ਇਕ ਵੱਡੀ ਤਬਦੀਲੀ ਦਾ ਸੰਕੇਤ ਮਿਲਿਆ ਹੈ, ਜਦੋਂ ਮੇਅਰ ਸੌਰਭ ਜੋਸ਼ੀ ਨੇ ਮੁੰਬਈ ਨਾਲ ਸਾਂਝੇ ਉਪਰਾਲਿਆਂ ਦੀ ਸ਼ੁਰੂਆਤ ਕੀਤੀ | ਬੀ.ਐਮ.ਸੀ. ਨਾਲ ਹੋਈਆਂ ਬੈਠਕਾਂ ਨੂੰ ਸ਼ਹਿਰ ਲਈ ਨਵੀਂ ਲਹਿਰ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ | ਇਹ ਕਦਮ ਸ਼ਹਿਰ ਦੇ ਭਵਿੱਖੀ ਵਿਕਾਸ ਲਈ ਮੀਲ ਪੱਥਰ ਸਾਬਤ ਹੋ ਸਕਦਾ ਹੈ | ਮੇਅਰ ਸੌਰਭ ਜੋਸ਼ੀ ਵਲੋਂ ਮੁੰਬਈ ਦਾ ਦੌਰਾ ਕਰਦਿਆਂ ਬਿ੍ਹਨਮੁੰਬਈ ਮਿਊਾਸਿਪਲ ਕਾਰਪੋਰੇਸ਼ਨ (ਬੀ.ਐਮ.ਸੀ.) ਦੀ ਮੇਅਰ ਰਿਤੂ ਤਾਵੜੇ ਅਤੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਚੰਡੀਗੜ੍ਹ ਦੇ ਮੁੱਖ ਇੰਜੀਨੀਅਰ ਸੰਜੈ ਅਰੋੜਾ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ | ਬੈਠਕ ਦੌਰਾਨ ਦੋਹਾਂ ਸ਼ਹਿਰਾਂ ਵਿਚਕਾਰ ਸ਼ਹਿਰੀ ਵਿਕਾਸ ਦੇ ਮਾਡਲਾਂ, ਤਕਨੀਕੀ ਨਵੀਨਤਾਵਾਂ ਤੇ ਭਵਿੱਖੀ ਸਹਿਯੋਗ ਦੇ ਮੌਕਿਆਂ 'ਤੇ ਗੰਭੀਰ ਚਰਚਾ ਹੋਈ | ਦੌਰੇ ਦਾ ਕੇਂਦਰੀ ਵਿਸ਼ਾ ਐਲੀਵੇਟਿਡ ਵਾਕਵੇ ਤੇ ਨੇਚਰ ਟਰੇਲਜ਼ ਵਰਗੀਆਂ ਯੋਜਨਾਵਾਂ ਰਿਹਾ | ਮੇਅਰ ਜੋਸ਼ੀ ਵਲੋਂ ਪ੍ਰਸਤਾਵ ਰੱਖਿਆ ਗਿਆ ਕਿ ਚੰਡੀਗੜ੍ਹ ਦੇ ਪਾਰਕਾਂ, ਗ੍ਰੀਨ ਬੈਲਟਾਂ ਤੇ ਕੁਝ ਚੁਣਿੰਦੇ ਖੇਤਰਾਂ ਵਿਚ ਤਕਨੀਕੀ ਸੰਭਾਵਨਾ ਦੇ ਆਧਾਰ 'ਤੇ ਉੱਚੇ ਪੈਦਲ ਮਾਰਗ ਤਿਆਰ ਕੀਤੇ ਜਾਣ | ਇਸ ਨਾਲ ਲੋਕਾਂ ਨੂੰ ਹਰਿਆਲੀ ਦਾ ਵਿਲੱਖਣ ਅਨੁਭਵ ਮਿਲੇਗਾ ਤੇ ਜ਼ਮੀਨ 'ਤੇ ਮੌਜੂਦ ਕੁਦਰਤੀ ਵਾਤਾਵਰਣ ਦੀ ਸੰਭਾਲ ਵੀ ਹੋ ਸਕੇਗੀ | ਉਨ੍ਹਾਂ ਕਿਹਾ ਕਿ ਐਲੀਵੇਟਿਡ ਵਾਕਵੇ ਸੁਰੱਖਿਅਤ ਪੈਦਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪਰਿਆਵਰਣ-ਮਿੱਤਰ ਮਨੋਰੰਜਨ ਦੇ ਮੌਕੇ ਪੈਦਾ ਕਰਨਗੇ ਤੇ ਗ੍ਰੀਨ ਸਪੇਸ ਤੱਕ ਆਸਾਨ ਪਹੁੰਚ ਯਕੀਨੀ ਬਣਾਉਣਗੇ | ਇਹ ਯੋਜਨਾ ਕਲਾਈਮਟ-ਰਿਜ਼ੀਲਿਐਂਟ ਸ਼ਹਿਰੀ ਢਾਂਚੇ ਨੂੰ ਮਜ਼ਬੂਤੀ ਦੇਣ 'ਚ ਵੀ ਸਹਾਇਕ ਸਾਬਤ ਹੋ ਸਕਦੀ ਹੈ | ਇਸ ਤੋਂ ਇਲਾਵਾ, ਮੇਅਰ ਵਲੋਂ ਮੁੰਬਈ 'ਚ ਪੜ੍ਹਾਈ ਜਾਂ ਰੋਜ਼ਗਾਰ ਲਈ ਜਾਣ ਵਾਲੇ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਲਈ ਸਟੂਡੈਂਟ ਸਹਾਇਤਾ ਹੈਲਪਲਾਈਨ ਤੇ ਫੈਸਿਲਿਟੇਸ਼ਨ ਡੈਸਕ ਸਥਾਪਿਤ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ | ਇਸ ਰਾਹੀਂ ਵਿਦਿਆਰਥੀਆਂ ਨੂੰ ਟਰਾਂਸਪੋਰਟ, ਰਹਿਣ-ਸਹਿਣ, ਸੁਰੱਖਿਆ ਤੇ ਅਕਾਦਮਿਕ ਮੌਕਿਆਂ ਬਾਰੇ ਸਹੀ ਮਾਰਗਦਰਸ਼ਨ ਮਿਲੇਗਾ, ਜਿਸ ਨਾਲ ਉਹ ਨਵੇਂ ਸ਼ਹਿਰ 'ਚ ਆਸਾਨੀ ਨਾਲ ਰਚ-ਬਸ ਸਕਣਗੇ | ਮੁਲਾਕਾਤ ਦੌਰਾਨ ਦੋਹਾਂ ਨਗਰ ਨਿਗਮਾਂ ਵਿਚਕਾਰ ਗਿਆਨ ਸਾਂਝਾ ਕਰਨ 'ਤੇ ਵੀ ਖਾਸ ਜ਼ੋਰ ਦਿੱਤਾ ਗਿਆ | ਮੇਅਰ ਜੋਸ਼ੀ ਵਲੋਂ ਇੰਟਰ-ਕਾਰਪੋਰੇਸ਼ਨ ਪ੍ਰੋਫੈਸ਼ਨਲ ਐਕਸਚੇਂਜ ਪ੍ਰੋਗਰਾਮ ਦਾ ਸੁਝਾਅ ਦਿੱਤਾ ਗਿਆ ਜਿਸ ਅਧੀਨ ਤਕਨੀਕੀ ਦੌਰੇ, ਸਾਂਝੀਆਂ ਵਰਕਸ਼ਾਪਾਂ ਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦਾ ਅਦਾਨ-ਪ੍ਰਦਾਨ ਕੀਤਾ ਜਾਵੇਗਾ | ਇਸ ਮੌਕੇ ਬੀ.ਐਮ.ਸੀ ਦੇ ਅਧਿਕਾਰੀਆਂ ਵਲੋਂ ਆਪਣੀਆਂ ਉਪਲਬਧੀਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ | ਮੇਅਰ ਜੋਸ਼ੀ ਨੇ ਬੀ.ਐਮ.ਸੀ. ਦੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਮੁੰਬਈ ਨਾਲ ਇਹ ਸਾਂਝ ਚੰਡੀਗੜ੍ਹ 'ਚ ਨਵੀਆਂ ਸੋਚਾਂ ਨੂੰ ਜਨਮ ਦੇਵੇਗੀ ਤੇ ਸ਼ਹਿਰ ਦੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਏਗੀ |
Ad Position 22
No active advertisement
ਪਿਛਲੀ ਖ਼ਬਰ ਮਰਹੂਮ ਕਲਾਕਾਰ ਜਸਵਿੰਦਰ ਸਿੰਘ ਭੱਲਾ ਦੇ ਜਨਮ ਦਿਨ ਮੌਕੇ ਚੌਕ ਦਾ ਕੀਤਾ ਨਾਮਕਰਨ <br/> ਅਗਲੀ ਖ਼ਬਰ ਸੈਕਟਰ-56 ਤੋਂ 40 ਪਊਏ ਸ਼ਰਾਬ ਸਮੇਤ ਮਹਿਲਾ ਕਾਬੂ
Ad Position 24