ਚੰਡੀਗੜ੍ਹ, 9 ਮਈ (ਸੰਦੀਪ ਕੁਮਾਰ ਮਾਹਨਾ) - ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈ.ਡੀ. ਵੱਲੋਂ ਕੀਤੀ ਗਿ੍ਫ਼ਤਾਰੀ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਭਾਜਪਾ ਦੇ ਸੂਬਾ ਬੁਲਾਰੇ ਪਿ੍ਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਅਰੋੜਾ ਨੂੰ ਨੈਤਿਕਤਾ ਦੇ ਆਧਾਰ 'ਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ | ਬਲੀਏਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਮਨੀ ਲਾਂਡਰਿੰਗ ਅਤੇ ਕਥਿਤ ਫਰਜ਼ੀ ਲੈਣ-ਦੇਣ ਦੇ ਮਾਮਲੇ ਵਿਚ ਜਾਂਚ ਏਜੰਸੀ ਵਲੋਂ ਕਾਰਵਾਈ ਕੀਤੀ ਗਈ ਹੈ, ਉਸ ਨਾਲ ਪੰਜਾਬ ਸਰਕਾਰ ਦੀ ਛਵੀ ਨੂੰ ਗੰਭੀਰ ਝਟਕਾ ਲੱਗਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਆਸਤ 'ਚ ਸਾਫ਼-ਸੁਥਰੀ ਰਾਜਨੀਤੀ ਦੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ ਪਰ ਹੁਣ ਉਸ ਦੇ ਹੀ ਮੰਤਰੀ ਜਾਂਚ ਏਜੰਸੀਆਂ ਦੇ ਘੇਰੇ ਵਿਚ ਆ ਰਹੇ ਹਨ | ਪੰਜਾਬ ਵਿਚ ਭਿ੍ਸ਼ਟਾਚਾਰ ਤੇ ਗੈਰ-ਪਾਰਦਰਸ਼ੀ ਕਾਰਗੁਜ਼ਾਰੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਜਿਸ ਕਾਰਨ ਲੋਕਾਂ ਦਾ ਸਰਕਾਰ 'ਤੇ ਭਰੋਸਾ ਘਟਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਰਕਾਰ ਭਿ੍ਸ਼ਟਾਚਾਰ ਦੇ ਮਾਮਲਿਆਂ 'ਤੇ ਕੀ ਕਾਰਵਾਈ ਕਰ ਰਹੀ ਹੈ | ਪਿ੍ਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਜੇਕਰ ਸਰਕਾਰ ਨੈਤਿਕ ਜ਼ਿੰਮੇਵਾਰੀ ਨਿਭਾਉਣ 'ਚ ਅਸਫਲ ਰਹਿੰਦੀ ਹੈ ਤਾਂ ਲੋਕ ਆਉਣ ਵਾਲੇ ਸਮੇਂ ਵਿਚ ਇਸ ਦਾ ਜਵਾਬ ਜ਼ਰੂਰ ਦੇਣਗੇ |