ਜ਼ੀਰਕਪੁਰ, 9 ਮਈ (ਮਨਿੰਦਰ ਸਿੰਘ)- ਪੁਲਿਸ ਤੇ ਆਬਕਾਰੀ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਬਾਲਾ ਜੀ ਇਨਕਲੇਵ ਸਥਿਤ ਹੋਟਲ ਪਿਕਾਸੋ ਦੀ ਛੱਤ 'ਤੇ ਇਕ ਪ੍ਰਾਈਵੇਟ ਪਾਰਟੀ ਦੌਰਾਨ ਬਿਨਾਂ ਲਾਇਸੰਸ ਤੋਂ ਸ਼ਰਾਬ ਪ੍ਰੋਸਣ ਦੇ ਦੋਸ਼ ਹੇਠ ਹੋਟਲ ਮਾਲਕ ਮਹੀਪ ਵਧਾਵਨ ਅਤੇ ਮੈਨੇਜਰ ਸਾਹਿਲ ਗੁਪਤਾ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ 8 ਮਈ ਦੀ ਰਾਤ ਆਬਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਆਪਣੀ ਟੀਮ ਸਮੇਤ ਇਲਾਕੇ 'ਚ ਗਸ਼ਤ ਕਰ ਰਹੇ ਸਨ | ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਾਲਾ ਜੀ ਇਨਕਲੇਵ ਦੇ ਹੋਟਲ ਪਿਕਾਸੋ ਦੀ ਛੱਤ 'ਤੇ ਇਕ ਪ੍ਰਾਈਵੇਟ ਪਾਰਟੀ ਹੋ ਰਹੀ ਹੈ, ਜਿਥੇ ਕਿ ਬਿਨਾਂ ਲਾਇਸੰਸ ਦੇ ਸ਼ਰਾਬ ਪਰੋਸੀ ਜਾ ਰਹੀ ਹੈ | ਸੂਚਨਾ ਤੋਂ ਬਾਅਦ ਆਬਕਾਰੀ ਵਿਭਾਗ ਤੇ ਪੁਲਿਸ ਟੀਮ ਨੇ ਜਦੋਂ ਹੋਟਲ 'ਤੇ ਛਾਪਾ ਮਾਰਿਆ ਤਾਂ ਨੌਜਵਾਨ ਲੜਕੇ-ਲੜਕੀਆਂ ਛੱਤ 'ਤੇ ਪਾਰਟੀ ਕਰਦੇ ਤੇ ਸ਼ਰਾਬ ਪੀਂਦੇ ਪਾਏ ਗਏ | ਮੌਕੇ 'ਤੇ ਮੌਜੂਦ ਮਹੀਪ ਵਧਾਵਨ ਨੇ ਆਪਣੀ ਪਛਾਣ ਹੋਟਲ ਮਾਲਕ ਤੇ ਸਾਹਿਲ ਗੁਪਤਾ ਨੇ ਮੈਨੇਜਰ ਵਜੋਂ ਦੱਸੀ | ਪੁੱਛਗਿੱਛ ਦੌਰਾਨ ਦੋਵੇਂ ਹੀ ਸ਼ਰਾਬ ਪ੍ਰੋਸਣ ਸੰਬੰਧੀ ਕੋਈ ਲਾਇਸੰਸ ਪੇਸ਼ ਨਹੀਂ ਕਰ ਸਕੇ | ਪੁਲਿਸ ਅਨੁਸਾਰ ਹੋਟਲ ਕਾਊਾਟਰ ਤੋਂ ਵਿਦੇਸ਼ੀ ਬ੍ਰਾਂਡ ਦੀਆਂ ਸ਼ਰਾਬ ਦੀਆਂ ਕਈ ਖੁੱਲ੍ਹੀਆਂ ਹੋਈਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ | ਪੁਲਿਸ ਵਲੋਂ ਮੌਕੇ 'ਤੇ ਮੋਬਾਈਲ ਫ਼ੋਨ ਰਾਹੀਂ ਵੀਡੀਓਗ੍ਰਾਫ਼ੀ ਵੀ ਕੀਤੀ ਗਈ | ਆਬਕਾਰੀ ਇੰਸਪੈਕਟਰ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |