ਪੰਚਕੂਲਾ, 9 ਮਈ (ਕਪਿਲ)- ਪੰਚਕੂਲਾ ਵਿਖੇ ਅੱਜ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ (ਹਲਸਾ) ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਅਤੇ ਉਪ-ਮੰਡਲ ਅਦਾਲਤ ਕਾਲਕਾ 'ਚ ਕੌਮੀ ਲੋਕ ਅਦਾਲਤ ਲਗਾਈ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਨਿਆਂਇਕ ਮੈਜਿਸਟ੍ਰੇਟ-ਕਮ-ਉਪ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪੰਚਕੂਲਾ ਅਜੈ ਕੁਮਾਰ ਘਣਘਸ ਨੇ ਦੱਸਿਆ ਕਿ ਵੱਖ-ਵੱਖ ਸ਼੍ਰੇਣੀਆਂ ਦੇ ਮਾਮਲਿਆਂ ਦੀ ਸੁਣਵਾਈ ਅਤੇ ਨਿਪਟਾਰੇ ਲਈ ਸੱਤ ਬੈਂਚਾਂ ਦਾ ਗਠਨ ਕੀਤਾ ਗਿਆ ਸੀ | ਇਸ ਮੌਕੇ ਦੀਵਾਨੀ ਵਿਵਾਦ, ਵਿਵਾਹਿਕ ਮਾਮਲੇ, ਬੈਂਕ ਰਿਕਵਰੀ ਕੇਸ, ਸਮਝੌਤਾ ਯੋਗ ਅਪਰਾਧਿਕ ਮਾਮਲੇ, ਮਜ਼ਦੂਰੀ ਵਿਵਾਦ, ਟ੍ਰੈਫ਼ਿਕ ਚਲਾਨ ਅਤੇ ਪ੍ਰੀ-ਲਿਟੀਗੇਸ਼ਨ ਕੇਸ ਨਿਪਟਾਰੇ ਲਈ ਰੱਖੇ ਗਏ | ਇਸੇ ਦੌਰਾਨ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਜਗਦੀਪ ਸਿੰਘ ਲੋਹਾਨ ਨੇ ਵੀ ਜ਼ਿਲ੍ਹਾ ਅਦਾਲਤ ਪੰਚਕੂਲਾ ਦਾ ਦੌਰਾ ਕਰਕੇ ਲੋਕ ਅਦਾਲਤ ਦੀ ਕਾਰਵਾਈ ਦਾ ਜਾਇਜ਼ਾ ਲਿਆ | ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੰਚਕੂਲਾ ਸੰਜੇ ਸੰਧਿਰ ਨੇ ਵੀ ਜਗਦੀਪ ਸਿੰਘ ਲੋਹਾਨ ਤੇ ਸੀ. ਜੇ. ਐਮ.-ਉਪ ਸਕੱਤਰ ਡੀ.ਐਲ.ਐਸ.ਏ. ਅਜੈ ਕੁਮਾਰ ਘਣਘਸ ਨਾਲ ਮਿਲ ਕੇ ਵੱਖ-ਵੱਖ ਲੋਕ ਅਦਾਲਤ ਦੇ ਬੈਂਚਾਂ ਤੇ ਅਦਾਲਤੀ ਕਮਰਿਆਂ ਦਾ ਦੌਰਾ ਕੀਤਾ | ਉਨ੍ਹਾਂ ਫੈਮਿਲੀ ਅਦਾਲਤ ਦੀ ਪ੍ਰਧਾਨ ਜੱਜ ਰੇਖਾ ਤੇ ਮੁੱਖ ਨਿਆਂਇਕ ਮੈਜਿਸਟ੍ਰੇਟ ਵਿਨੋਦ ਕੁਮਾਰ ਦੀ ਅਦਾਲਤ ਦਾ ਵੀ ਨਿਰੀਖਣ ਕੀਤਾ ਤੇ ਮਾਮਲੇ ਦੇ ਨਿਪਟਾਰੇ ਲਈ ਪੁੱਜੀਆਂ ਧਿਰਾਂ ਨੂੰ ਆਪਣੇ ਵਿਵਾਦਾਂ ਦਾ ਸਮਝੌਤੇ ਰਾਹੀਂ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ | ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਲੋਕ ਅਦਾਲਤ ਦੌਰਾਨ ਕੁੱਲ 23,485 ਮਾਮਲਿਆਂ 'ਚ ਸੁਣਵਾਈ ਹੋਈ ਜਿਨ੍ਹਾਂ 'ਚੋਂ 2,048 ਮਾਮਲਿਆਂ ਦਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਮਾਮਲਿਆਂ 'ਚ ਕੁੱਲ 74,10,672 ਰੁ. ਦੀ ਕੀਮਤ ਦੇ ਐਵਾਰਡ ਪਾਸ ਕੀਤੇ ਗਏ |