05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਮੇਤ ਦੋ ਕਾਬੂ, 3 ਪਿਸਤੌਲਾਂ ਬਰਾਮਦ <br/>

Ad Position 21
No active advertisement
ਅਜੀਤ ਡੈਸਕ 11-05-2026
ਐੱਸ. ਏ. ਐੱਸ. ਨਗਰ, 10 ਮਈ (ਕਪਿਲ ਵਧਵਾ)- ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.) ਮੁਹਾਲੀ ਵਲੋਂ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਦਿਆਂ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਮੇਤ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਗਲੋਕ ਪਿਸਤੌਲਾਂ ਸਮੇਤ ਹਥਿਆਰਾਂ ਦੀ ਬਰਾਮਦਗੀ ਕੀਤੀ ਗਈ ਹੈ | ਇਸ ਮਾਮਲੇ ਵਿਚ ਇਟਲੀ ਵਿਚ ਬੈਠੇ ਇਕ ਹੋਰ ਮੁਲਜ਼ਮ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਸ 'ਤੇ ਹਥਿਆਰਾਂ ਦੀ ਖੇਪ ਭੇਜਣ ਦੇ ਦੋਸ਼ ਹਨ | ਐਸ. ਐਸ. ਓ. ਸੀ. ਦੇ ਏ. ਆਈ. ਜੀ. ਦੀਪਕ ਪਾਰੇਕ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਐਸ. ਐਸ. ਓ. ਸੀ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪ੍ਰਵੀਨ ਕੁਮਾਰ ਉਰਫ਼ ਸ਼ਾਮਾ ਉਰਫ਼ ਪਾਰਸ ਵਾਸੀ ਪਿੰਡ ਕਾਨੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਜੋ ਇਸ ਵੇਲੇ ਗੋਇਲ ਕਾਲੋਨੀ ਬਨੂੰੜ ਵਿਖੇ ਰਹਿ ਰਿਹਾ ਹੈ, ਆਪਣੇ ਸਾਥੀਆਂ ਨਾਲ ਮਿਲ ਕੇ ਗੈਰ-ਕਾਨੂੰਨੀ ਤੌਰ 'ਤੇ ਆਧੁਨਿਕ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ ਕਰ ਰਿਹਾ ਹੈ | ਇੰਸ. ਰਵਿੰਦਰ ਸਿੰਘ ਦੀ ਟੀਮ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਉਹ ਮੁਹਾਲੀ-ਚੰਡੀਗੜ੍ਹ ਖੇਤਰ 'ਚ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ | ਇਸ ਸੂਚਨਾ ਦੇ ਆਧਾਰ 'ਤੇ ਥਾਣਾ ਐਸ. ਐਸ. ਓ. ਸੀ. ਮੁਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ | ਜਾਂਚ ਦੌਰਾਨ ਪੁਲਿਸ ਟੀਮ ਨੇ ਬਨੂੰੜ ਇਲਾਕੇ ਵਿਚ ਛਾਪੇਮਾਰੀ ਕਰਕੇ ਪ੍ਰਵੀਨ ਕੁਮਾਰ ਉਰਫ਼ ਸ਼ਾਮਾ ਉਰਫ਼ ਪਾਰਸ ਨੂੰ ਕਾਬੂ ਕਰ ਲਿਆ | ਇਸ ਮਗਰੋਂ ਉਸ ਦੇ ਖੁਲਾਸੇ 'ਤੇ ਉਸ ਦੇ ਕਿਰਾਏ ਦੇ ਮਕਾਨ 'ਚੋਂ ਇਕ .32 ਬੋਰ ਪਿਸਤੌਲ, ਇਕ ਮੈਗਜ਼ੀਨ ਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ | ਪੁਲਿਸ ਅਨੁਸਾਰ ਪ੍ਰਵੀਨ ਕੁਮਾਰ ਦਾ ਪਹਿਲਾ ਵੀ ਅਪਰਾਧਿਕ ਪਿਛੋਕੜ ਰਿਹਾ ਹੈ ਤੇ ਉਹ ਥਾਣਾ ਗੜ੍ਹਸ਼ੰਕਰ ਵਿਚ ਇਸ ਮਾਮਲੇ 'ਚ ਸਥਾਨਕ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ | ਪੁੱਛਗਿੱਛ ਦੌਰਾਨ ਜਦੋਂ ਪ੍ਰਵੀਨ ਕੁਮਾਰ ਨੇ ਆਪਣੇ ਸਾਥੀ ਹਰੀਸ਼ ਕੁਮਾਰ ਉਰਫ਼ ਹੈਰੀ ਭੂਪਾਲ ਵਾਸੀ ਪਿੰਡ ਠਾਣਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਨਸ਼ਰ ਕੀਤਾ ਤਾਂ ਹੁਸ਼ਿਆਰਪੁਰ ਵਿਖੇ ਇਕ ਵੱਖਰੇ ਆਪ੍ਰੇਸ਼ਨ ਲਈ ਗਈ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਉਸਨੂੰ ਕਾਬੂ ਕੀਤਾ | ਇਸ ਤੋਂ ਬਾਅਦ ਹਰੀਸ਼ ਕੁਮਾਰ ਦੀ ਨਿਸ਼ਾਨਦੇਹੀ 'ਤੇ 10 ਮਈ ਨੂੰ ਉਸ ਕੋਲੋਂ 9 ਐਮ.ਐਮ. ਕੈਲੀਬਰ ਦੀਆਂ ਦੋ ਗਲੋਕ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ | ਪੁੱਛਗਿੱਛ ਦੌਰਾਨ ਹਰੀਸ਼ ਨੇ ਖੁਲਾਸਾ ਕੀਤਾ ਕਿ ਇਹ ਹਥਿਆਰਾਂ ਦੀ ਖੇਪ ਰਾਜੇਸ਼ ਕੁਮਾਰ ਉਰਫ਼ ਬੰਟਾ ਕੁਮਾਰ ਵਾਸੀ ਪਿੰਡ ਠਾਣਾ ਜੋ ਇਸ ਵੇਲੇ ਇਟਲੀ ਵਿਚ ਰਹਿ ਰਿਹਾ ਹੈ, ਵਲੋਂ ਭੇਜੀ ਗਈ ਸੀ | ਇਸ ਦੇ ਆਧਾਰ 'ਤੇ ਰਾਜੇਸ਼ ਕੁਮਾਰ ਉਰਫ਼ ਬੰਟਾ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ | ਮੁੱਢਲੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਹਰੀਸ਼ ਕੁਮਾਰ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਅਤੇ ਟੀਮ ਇਟਲੀ ਵਲੋਂ ਕਈ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟਾਂ ਵਿਚ ਭਾਗ ਲੈ ਚੁੱਕਾ ਹੈ, ਜਦਕਿ ਰਾਜੇਸ਼ ਕੁਮਾਰ ਉਰਫ਼ ਬੰਟਾ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੁੱਲ 9 ਅਪਰਾਧਿਕ ਮਾਮਲੇ ਦਰਜ ਹਨ | ਪੁਲਿਸ ਵਲੋਂ ਗਿ੍ਫ਼ਤਾਰ ਦੋਵੇਂ ਮੁਲਜ਼ਮਾਂ ਨੂੰ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ | ਪੁਲਿਸ ਵਲੋਂ ਹਥਿਆਰਾਂ ਦੀ ਸਪਲਾਈ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਦੇ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਕਤ ਮੁਲਜ਼ਮਾਂ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਆਹ ਸਮਾਗਮਾਂ 'ਚ ਵਰਤੇ ਜਾਣ ਵਾਲੇ ਸਜਾਵਟ ਦੇ ਸਾਮਾਨ ਵਾਲੇ ਗੋਦਾਮ 'ਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਜ਼ੀਰਕਪੁਰ ਟ੍ਰੈਫ਼ਿਕ ਪੁਲਿਸ ਨੇ ਟ੍ਰੈਫ਼ਿਕ ਨਿਯਮ ਤੋੜਨ ਵਾਲਿਆਂ ਦੇ ਕੱਟੇ ਚਲਾਨ <br/>
Ad Position 24