ਖਰੜ, 11 ਮਈ (ਜੰਡਪੁਰੀ)- ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਦੇ ਦਫ਼ਤਰ ਅੱਗੇ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ ਹੈ | ਇਸ ਮੌਕੇ ਉਨ੍ਹਾਂ ਵਿਧਾਇਕ ਮਾਨ ਦੀ ਗੈਰ ਮੌਜੂਦਗੀ 'ਚ ਉਨ੍ਹਾਂ ਨਾਲ ਸੰਬੰਧਿਤ ਇਕ ਅਹੁਦੇਦਾਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਬਰਿਆਲੀ ਤੇ ਜਨਰਲ ਸਕੱਤਰ ਮਨਜੀਤ ਕੌਰ ਨੇ ਕਿਹਾ ਕਿ ਵੋਟਾਂ ਵੇਲੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨਾਲ ਕਈ ਵਾਅਦੇ ਕੀਤੇ ਗਏ ਸਨ ਪਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਕੋਈ ਵੀ ਵਾਇਦਾ ਨਿਭਾਇਆ ਨਹੀਂ ਗਿਆ, ਜਿਸ ਕਰਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਮਨਪ੍ਰੀਤ ਕੌਰ ਚੰਦੋ, ਰੀਨਾ, ਪਿ੍ਤਪਾਲ ਕੌਰ, ਕੁਲਦੀਪ ਕੌਰ, ਕਮਲਜੀਤ ਕੌਰ, ਅਕਵਿੰਦਰ ਕੌਰ, ਸੁਖਵਿੰਦਰ ਕੌਰ ਬਲੌਂਗੀ ਆਦਿ ਮੌਜੂਦ ਸਨ |