ਚੰਡੀਗੜ੍ਹ, 11 ਮਈ (ਸੁਖਵਿੰਦਰ ਸਿੰਘ ਸ਼ਾਨ) - ਚੰਡੀਗੜ੍ਹ ਸ਼ਹਿਰ ਦੀਆਂ ਆਂਗਣਵਾੜੀ ਵਰਕਰ ਤੇ ਹੈਲਪਰ ਪਿਛਲੇ ਚਾਰ ਮਹੀਨਿਆਂ ਤੋਂ ਮਾਣਭੱਤਾ ਉਡੀਕ ਰਹੀਆਂ ਹਨ ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ | ਆਪਣਾ ਮਾਣਭੱਤਾ ਹਾਸਲ ਕਰਨ ਲਈ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ ਅਤੇ ਫੈਡਰੇਸ਼ਨ ਆਫ਼ ਯੂ.ਟੀ. ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਵੱਲੋਂ ਸਮੇਂ ਸਮੇਂ 'ਤੇ ਸਮਾਜ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਪਰ ਕਿਸੇ ਅਧਿਕਾਰੀ ਨੇ ਅੱਜ ਤੱਕ ਮਾਣਭੱਤਾ ਜਾਰੀ ਕਰਨ ਦਾ ਹੌਸਲਾ ਨਹੀਂ ਕੀਤਾ | ਇਸ ਸੰਬੰਧੀ ਅੱਜ ਫੈਡਰੇਸ਼ਨ ਦੇ ਪ੍ਰਧਾਨ ਗੋਪਾਲ ਦੱਤ ਜੋਸ਼ੀ, ਪਿ੍ੰਸੀਪਲ ਰਾਜੇਂਦਰ ਕਟੋਚ ਤੇ ਜਨਰਲ ਸਕੱਤਰ ਹਰਕੇਸ਼ ਚੰਦ ਆਦਿ ਨੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਚੰਡੀਗੜ੍ਹ ਨੂੰ ਅਪੀਲ ਕੀਤੀ ਕਿ ਬਿਨਾਂ ਦੇਰੀ ਦੇ ਮਾਣ ਭੱਤਾ ਦਿੱਤਾ ਜਾਵੇ ਤੇ ਪਾਂਡੀਚੇਰੀ ਤੇ ਕੇਰਲਮ ਦੇ ਅਨੁਸਾਰ ਡੀ.ਸੀ. ਰੇਟ ਲਾਗੂ ਕੀਤੇ ਜਾਣ ਤਾਂ ਜੋ ਯੂਨੀਅਨ ਨੂੰ ਦੁਬਾਰਾ ਸੰਘਰਸ਼ ਕਰਨ ਲਈ ਮਜਬੂਰ ਨਾ ਹੋਣਾ ਪਵੇ |