ਡੇਰਾਬੱਸੀ ਦੇ ਆਈਲੈਟਸ ਸੈਂਟਰ 'ਤੇ ਫਾਇਰਿੰਗ ਦਾ ਮਾਮਲਾ ਗੈਂਗਸਟਰ ਮਨਜੀਤ ਗੁਰੀ ਤਿਹਾੜ ਜੇਲ੍ਹ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ
ਅਜੀਤ ਡੈਸਕ
16-05-2026
ਡੇਰਾਬੱਸੀ, 15 ਮਈ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਪੁਲਿਸ ਨੇ ਕਾਲਜ ਰੋਡ 'ਤੇ ਸਥਿਤ ਇਕ ਆਈਲੈਟਸ ਸੈਂਟਰ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਦਿਨ-ਦਿਹਾੜੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ | ਪੁਲਿਸ ਪੌਣੇ ਦੋ ਸਾਲ ਬਾਅਦ ਮੁੱਖ ਮੁਲਜ਼ਮ ਗੈਂਗਸਟਰ ਮਨਜੀਤ ਸਿੰਘ ਗੁਰੀ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਟਰਾਂਜ਼ਿਟ ਰਿਮਾਂਡ 'ਤੇ ਡੇਰਾਬੱਸੀ ਲੈ ਕੇ ਆਈ ਹੈ | ਮੁਲਜ਼ਮ ਨੂੰ ਸਖ਼ਤ ਸੁਰੱਖਿਆ ਹੇਠ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ |
ਜੇਲ੍ਹ ਵਿਚ ਬੈਠ ਕੇ ਰਚੀ ਸੀ ਸਾਜ਼ਿਸ਼ : ਜ਼ਿਕਰਯੋਗ ਹੈ ਕਿ ਪਿੰਡ ਖੇੜੀ ਗੁਜਰਾਂ ਦਾ ਰਹਿਣ ਵਾਲਾ ਮਨਜੀਤ ਸਿੰਘ ਉਰਫ਼ ਗੁਰੀ ਪਿਛਲੇ ਦੋ ਸਾਲਾਂ ਤੋਂ ਕਤਲ ਅਤੇ ਅਸਲ੍ਹਾ ਐਕਟ ਦੇ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਹੈ | ਪੁਲਿਸ ਮੁਤਾਬਿਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਮੁਲਜ਼ਮ ਗੁਰੀ ਦੇ ਸੰਪਰਕ ਵਿਚ ਸਨ ਅਤੇ ਉਸ ਦੇ ਇਸ਼ਾਰੇ 'ਤੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ | ਐਜੂਕੇਸ਼ਨ ਸੈਂਟਰ ਦੇ ਮਾਲਕ ਨੂੰ ਦਿੱਤੀ ਗਈ ਫਿਰੌਤੀ ਵਾਲੀ ਚਿੱਠੀ ਵੀ ਗੁਰੀ ਦੇ ਨਾਂਅ 'ਤੇ ਹੀ ਛੱਡੀ ਗਈ ਸੀ |
ਨਾਬਾਲਗ ਨੇ ਸੁੱਟੀ ਸੀ ਚਿੱਠੀ, ਮੋਹਿਤ ਨੇ ਚਲਾਈਆਂ ਗੋਲੀਆਂ : ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਦਸਵੀਂ ਪਾਸ ਮੁਲਜ਼ਮ ਮੋਹਿਤ ਉਰਫ਼ ਬੰਟੀ ਨੇ 32 ਬੋਰ ਦੇ ਪਿਸਤੌਲ ਨਾਲ ਫਾਇਰਿੰਗ ਕੀਤੀ ਸੀ ਜਦਕਿ ਉਸ ਦੇ ਨਾਲ ਆਏ ਇਕ ਨਾਬਾਲਗ ਕੋਲ 315 ਬੋਰ ਦਾ ਪਿਸਤੌਲ ਸੀ | ਇਸੇ ਨਾਬਾਲਗ ਨੇ ਰਿਸੈੱਪਸ਼ਨਿਸਟ ਕੋਲ ਧਮਕੀ ਭਰੀ ਚਿੱਠੀ ਸੁੱਟੀ ਸੀ | ਤੀਜੇ ਮੁਲਜ਼ਮ ਜਗਦੀਪ ਨੇ ਵਾਰਦਾਤ ਤੋਂ ਪਹਿਲਾਂ ਰੇਕੀ ਕਰਵਾਈ ਸੀ ਤੇ ਹਥਿਆਰ ਮੁਹੱਈਆ ਕਰਵਾਏ ਸਨ | ਗੁਰੀ ਨੇ ਹੀ ਜੇਲ੍ਹ ਵਿਚੋਂ ਇਹਨਾਂ ਸਾਰਿਆਂ ਦੀ ਆਪਸ ਵਿਚ ਮੁਲਾਕਾਤ ਕਰਵਾਈ ਸੀ |
ਸੈਂਟਰ ਮਾਲਕਾਂ 'ਤੇ ਵੀ ਚੱਲ ਰਿਹਾ ਹੈ ਧੋਖਾਧੜੀ ਦਾ ਕੇਸ : ਦਿਲਚਸਪ ਗੱਲ ਇਹ ਹੈ ਕਿ ਜਿਸ 'ਐਜੂਕੇਸ਼ਨ ਪੁਆਇੰਟ' ਨਾਂਅ ਦੇ ਸੈਂਟਰ 'ਤੇ ਸਾਲ 2023 ਵਿਚ ਪੰਜ ਰਾਊਾਡ ਫਾਇਰਿੰਗ ਹੋਈ ਸੀ ਤੇ 2024 ਵਿਚ ਦੁਬਾਰਾ ਧਮਕੀ ਮਿਲੀ ਸੀ, ਉਸ ਸੈਂਟਰ ਦੇ ਮਾਲਕਾਂ ਖ਼ਿਲਾਫ਼ ਵੀ ਪੁਲਿਸ ਨੇ ਛੇ ਮਹੀਨੇ ਪਹਿਲਾਂ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ | ਪੁਲਿਸ ਹੁਣ ਰਿਮਾਂਡ ਦੌਰਾਨ ਗੁਰੀ ਤੋਂ ਪੁੱਛਗਿੱਛ ਕਰ ਕੇ ਇਸ ਨੈੱਟਵਰਕ ਨਾਲ ਜੁੜੇ ਹੋਰ ਖ਼ੁਲਾਸੇ ਕਰਨ ਦੀ ਕੋਸ਼ਿਸ਼ ਕਰੇਗੀ |