ਚੰਡੀਗੜ੍ਹ, 21 ਮਈ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ ਦੇ ਸੈਕਟਰ 38 ਵੈਸਟ 'ਚ ਦੂਸ਼ਿਤ ਪਾਣੀ ਦੀ ਸਮੱਸਿਆ ਨੂੰ ਲੈ ਕੇ ਲਗਾਤਾਰ ਵਧ ਰਹੀਆਂ ਸ਼ਿਕਾਇਤਾਂ ਮਗਰੋਂ ਨਗਰ ਨਿਗਮ ਚੰਡੀਗੜ੍ਹ ਦੇ ਅਧਿਕਾਰੀ ਹਰਕਤ ਵਿਚ ਆ ਗਏ ਹਨ | ਸ਼ਿਕਾਇਤਾਂ ਦੇ ਮੱਦੇਨਜ਼ਰ ਨਿਗਮ ਦੇ ਚੀਫ਼ ਇੰਜੀਨੀਅਰ ਸੰਜੇ ਅਰੋੜਾ ਖ਼ੁਦ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਮੌਕੇ 'ਤੇ ਪਹੁੰਚ ਕੇ ਚੀਫ਼ ਇੰਜੀਨੀਅਰ ਨੇ ਨਿਵਾਸੀਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਦੇ ਨਾਲ ਸੁਪਰਿੰਟੈਂਡਿੰਗ ਇੰਜੀਨੀਅਰ ਧਰਮਿੰਦਰ ਸ਼ਰਮਾ, ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੀ ਪੂਰੀ ਟੀਮ ਅਤੇ ਇਲਾਕਾ ਕੌਂਸਲਰ ਗੁਰਬਖ਼ਸ਼ ਰਾਵਤ ਵੀ ਮੌਕੇ 'ਤੇ ਮੌਜੂਦ ਰਹੇ | ਸਥਾਨਕ ਲੋਕਾਂ ਨੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੂੰ ਦੱਸਿਆ ਕਿ ਦੂਸ਼ਿਤ ਪਾਣੀ ਦੀ ਸਮੱਸਿਆ ਲੰਬੇ ਸਮੇਂ ਤੋਂ ਜਾਰੀ ਹੈ, ਜਿਸ ਕਾਰਨ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ | ਜਾਂਚ ਦੌਰਾਨ ਚੀਫ਼ ਇੰਜੀਨੀਅਰ ਨੇ ਅਧਿਕਾਰੀਆਂ ਨੂੰ ਤੁਰੰਤ ਤਕਨੀਕੀ ਖ਼ਾਮੀਆਂ ਦੀ ਪਛਾਣ ਕਰਕੇ ਹੱਲ ਲਈ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਪਾਈਪਲਾਈਨ ਦੇ ਡੈੱਡ ਐਂਡ ਪੁਆਇੰਟਾਂ ਦੀ ਸਕਾਵਰਿੰਗ ਕੀਤੀ ਜਾਵੇ, ਪੂਰੀ ਲਾਈਨ ਦੀ ਸਫ਼ਾਈ ਕੀਤੀ ਜਾਵੇ ਤੇ ਜਿੱਥੇ ਵੀ ਨੁਕਸਾਨ ਜਾਂ ਰੁਕਾਵਟ ਹੈ, ਉਸ ਦੀ ਤੁਰੰਤ ਪਛਾਣ ਕਰਕੇ ਠੀਕ ਕੀਤਾ ਜਾਵੇ | ਚੀਫ਼ ਇੰਜੀਨੀਅਰ ਸੰਜੇ ਅਰੋੜਾ ਨੇ ਇਹ ਵੀ ਕਿਹਾ ਕਿ ਜੇਕਰ ਇਕਦੋ ਦਿਨਾਂ ਵਿਚ ਸਮੱਸਿਆ ਦਾ ਸਥਾਈ ਹੱਲ ਨਹੀਂ ਨਿਕਲਦਾ ਤਾਂ ਵਿਸ਼ੇਸ਼ ਤਕਨੀਕੀ ਟੀਮ ਰਾਹੀਂ ਪੂਰੇ ਇਲਾਕੇ ਦੀ ਪਾਣੀ ਸਪਲਾਈ ਲਾਈਨ ਦਾ ਵਿਸਥਾਰਪੂਰਵਕ ਸਰਵੇ ਕਰਵਾਇਆ ਜਾਵੇਗਾ | ਜਿੱਥੇ ਵੀ ਨਵੀਂ ਪਾਈਪਲਾਈਨ ਦੀ ਲੋੜ ਹੋਵੇਗੀ, ਉਥੇ ਤੁਰੰਤ ਕੰਮ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਭਰੋਸਾ ਦਿਵਾਇਆ ਕਿ ਨਿਵਾਸੀਆਂ ਨੂੰ ਸਾਫ਼ ਅਤੇ ਪੀਣ ਯੋਗ ਪਾਣੀ ਉਪਲਬਧ ਕਰਵਾਉਣਾ ਨਗਰ ਨਿਗਮ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |