ਚੰਡੀਗੜ੍ਹ, 23 ਮਈ (ਅਜੀਤ ਬਿਊਰੋ)- ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵਲੋਂ ਜਾਰੀ ਕੀਤੇ ਗਏ ਨਵੇਂ ਸੈਂਪਲ ਰਜਿਸਟਰੇਸ਼ਨ ਸਿਸਟਮ (ਐਸ.ਆਰ.ਐਸ.) ਦੇ ਅੰਕੜਿਆਂ ਅਨੁਸਾਰ ਪੰਜਾਬ ਸਾਰੇ ਮੁੱਖ ਜੱਚਾ ਬੱਚਾ ਸਿਹਤ ਸੂਚਕਾਂ ਵਿੱਚ ਰਾਸ਼ਟਰੀ ਮਾਪਦੰਡਾਂ ਨੂੰ ਪਛਾੜ ਕੇ ਦੇਸ਼ ਭਰ ਦੇ ਹੈਲਥਕੇਅਰ ਡਿਲੀਵਰੀ ਸਿਸਟਮ ਵਿੱਚ ਮੋਹਰੀ ਬਣ ਕੇ ਉਭਰਿਆ ਹੈ | ਪੰਜਾਬ ਦੀ ਪ੍ਰਾਪਤੀ ਨੂੰ ਉਜਾਗਰ ਕਰਦੇ ਹੋਏ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਜੱਚਾ ਮੌਤ ਦਰ, ਬਾਲ ਮੌਤ ਦਰ, ਨਵਜੰਮੇ ਬੱਚਿਆਂ ਦੀ ਮੌਤ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤੇ ਹਨ | ਡਾ. ਬਲਬੀਰ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੀ ਜੱਚਾ ਮੌਤ ਦਰ ਪ੍ਰਤੀ ਲੱਖ ਜੀਵਤ ਜਨਮਾਂ ਪਿੱਛੇ ਘਟ ਕੇ 77 ਹੋ ਗਈ ਹੈ, ਜੋ ਕਿ ਰਾਸ਼ਟਰੀ ਅÏਸਤ 87 ਤੋਂ ਕਾਫ਼ੀ ਬਿਹਤਰ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਾਸ਼ਟਰੀ ਔਸਤ 24 ਦੇ ਮੁਕਾਬਲੇ ਬਾਲ ਮੌਤ ਦਰ ਮਹਿਜ਼ 16 ਦਰਜ ਕੀਤੀ ਗਈ ਹੈ, ਨਵਜੰਮੇ ਬੱਚਿਆਂ ਦੀ ਮੌਤ ਦਰ ਤਹਿਤ ਦੇਸ਼ ਦੀ ਔਸਤ 18 ਦੇ ਮੁਕਾਬਲੇ ਸੂਬੇ ਵਿੱਚ ਇਹ ਦਰ 11 ਦਰਜ ਕੀਤੀ ਹੈ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਰਾਸ਼ਟਰੀ ਪੱਧਰ 'ਤੇ 28 ਅਤੇ ਪੰਜਾਬ ਵਿੱਚ 19 ਦਰਜ ਕੀਤੀ ਗਈ ਹੈ | ਉਨ੍ਹਾਂ ਕਿਹਾ, 'ਪੰਜਾਬ ਨੇ ਪਹਿਲਾਂ ਨਵਜੰਮੇ ਬੱਚਿਆਂ ਦੀ ਮੌਤ ਦਰ ਸਬੰਧੀ ਐਸਡੀਜੀ - 2030 ਟੀਚਾ ਸਰ ਕਰ ਲਿਆ ਹੈ | ਇਸ ਟੀਚੇ ਤਹਿਤ 12 ਤੋਂ ਘੱਟ ਦਰ ਹਾਸਲ ਕਰਦਿਆਂ ਪੰਜਾਬ ਨੇ ਇਹ ਟੀਚਾ 2030 ਦੀ ਸਮਾਂ ਸੀਮਾ ਤੋਂ ਬਹੁਤ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ |'' ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਕੇਂਦਰ ਸਰਕਾਰ ਦੀ ਨਵੀਂ ਕਾਰਗੁਜ਼ਾਰੀ ਅਧਾਰਤ ਸਿਹਤ ਖੇਤਰ ਯੋਜਨਾ ਤਹਿਤ ਪੰਜਾਬ ਨੂੰ ਲਗਭਗ 400 ਕਰੋੜ ਰੁਪਏ ਦਾ ਵਿੱਤੀ ਪ੍ਰੋਤਸਾਹਨ ਮਿਲਣ ਦੀ ਸੰਭਾਵਨਾ ਹੈ | ਡਾ: ਬਲਬੀਰ ਸਿੰਘ ਨੇ ਕਿਹਾ, ''ਇਹ ਵਿਸ਼ੇਸ਼ ਸਹੂਲਤਾਂ 24 ਘੰਟੇ ਐਮਰਜੈਂਸੀ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾ ਕੇ ਮਾਵਾਂ ਅਤੇ ਨਵਜੰਮੇ ਬੱਚਿਆਂ ਲਈ ਜੀਵਨ ਰੱਖਿਅਕ ਵਜੋਂ ਕੰਮ ਕਰ ਰਹੀਆਂ ਹਨ |'' ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੁਦਰਤੀ ਜਣੇਪੇ ਨੂੰ ਉਤਸ਼ਾਹਿਤ ਕਰਨ ਤੇ ਇੱਕ ਵਿਸ਼ੇਸ਼ ਸਿਹਤ ਸੰਭਾਲ ਕਾਡਰ ਬਣਾ ਕੇ ਬੇਲੋੜੇ ਸੀਜ਼ੇਰੀਅਨ ਸੈਕਸ਼ਨਾਂ ਨੂੰ ਘਟਾਉਣ ਲਈ ਵਿਆਪਕ ਸੁਧਾਰ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਟਿਆਲਾ ਦੇ ਵੱਕਾਰੀ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ ਤੋਂ ਨਰਸ ਪ੍ਰੈਕਟੀਸ਼ਨਰਸ ਇੰਨ ਮਿਡਵਾਈਫਰੀ ਦੇ ਤਿੰਨ ਬੈਚਾਂ ਨੂੰ ਸਫਲਤਾਪੂਰਵਕ ਮੁਕੰਮਲ ਕੀਤਾ ਗਿਆ ਹੈ |