ਚੰਡੀਗੜ੍ਹ, 24 ਮਈ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਸੈਕਟਰ 55 'ਚ ਐਤਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਘਰ ਦੀ ਦੂਜੀ ਮੰਜ਼ਿਲ 'ਤੇ ਕੱਪੜੇ ਸੁਕਾਉਣ ਗਈ 16 ਸਾਲਾ ਲੜਕੀ ਅਚਾਨਕ ਸੰਤੁਲਨ ਵਿਗੜਨ ਕਾਰਨ ਹੇਠਾਂ ਗਲੀ ਵਿਚ ਆ ਡਿੱਗੀ | ਲੜਕੀ ਦੀਆਂ ਚੀਕਾਂ ਸੁਣ ਕੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ | ਘਟਨਾ ਤੋਂ ਬਾਅਦ ਇਲਾਕੇ 'ਚ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ | ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਜ਼ਖ਼ਮੀ ਲੜਕੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ | ਪੂਰੀ ਘਟਨਾ ਨੇੜੇ ਲੱਗੇ ਸੀ.ਸੀ.ਟੀਵੀ ਕੈਮਰਿਆਂ 'ਚ ਵੀ ਕੈਦ ਹੋ ਗਈ, ਜਿਸ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਲੋਕਾਂ ਵਿਚ ਚਰਚਾ ਬਣੀ ਹੋਈ ਹੈ | ਡਾਕਟਰਾਂ ਅਨੁਸਾਰ ਲੜਕੀ ਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ | ਜਾਣਕਾਰੀ ਅਨੁਸਾਰ ਸੈਕਟਰ 55 ਦੀ ਰਹਿਣ ਵਾਲੀ 16 ਸਾਲਾ ਖੁਸ਼ੀ ਐਤਵਾਰ ਸਵੇਰੇ ਆਪਣੇ ਘਰ ਦੀ ਦੂਜੀ ਮੰਜ਼ਿਲ 'ਤੇ ਕੱਪੜੇ ਸੁਕਾਉਣ ਲਈ ਗਈ ਹੋਈ ਸੀ | ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਛੱਤ 'ਤੇ ਕੱਪੜੇ ਲਟਕਾ ਰਹੀ ਸੀ ਤਾਂ ਅਚਾਨਕ ਉਸ ਦਾ ਪੈਰ ਫ਼ਿਸਲ ਗਿਆ ਅਤੇ ਉਹ ਸੰਤੁਲਨ ਗੁਆ ਬੈਠੀ | ਦੇਖਦੇ ਹੀ ਦੇਖਦੇ ਉਹ ਹੇਠਾਂ ਗਲੀ ਵਿਚ ਜਾ ਡਿੱਗੀ | ਹਾਦਸਾ ਇੰਨਾ ਅਚਾਨਕ ਵਾਪਰਿਆ ਕਿ ਆਸ-ਪਾਸ ਮੌਜੂਦ ਲੋਕਾਂ ਨੂੰ ਕੁਝ ਸਮੇਂ ਲਈ ਸਮਝ ਹੀ ਨਹੀਂ ਆਈ ਕਿ ਕੀ ਹੋਇਆ ਹੈ | ਚਸ਼ਮਦੀਦਾਂ ਅਨੁਸਾਰ ਜਿਵੇਂ ਹੀ ਉੱਚੀ ਆਵਾਜ਼ ਆਈ ਤਾਂ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਵੱਲ ਭੱਜੇ | ਗਲੀ 'ਚ ਇੱਕ ਨਾਬਾਲਗ ਲੜਕੀ ਨੂੰ ਦਰਦ ਨਾਲ ਤੜਫਦਿਆਂ ਦੇਖ ਕੇ ਮੌਕੇ 'ਤੇ ਮੌਜੂਦ ਲੋਕ ਘਬਰਾ ਗਏ | ਕੁਝ ਲੋਕਾਂ ਨੇ ਤੁਰੰਤ ਉਸ ਨੂੰ ਸੰਭਾਲਿਆ, ਜਦਕਿ ਹੋਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ | ਲੋਕਾਂ ਦੀ ਮਦਦ ਨਾਲ ਲੜਕੀ ਨੂੰ ਤੁਰੰਤ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਡਾਕਟਰਾਂ ਮੁਤਾਬਕ ਲੜਕੀ ਦੇ ਸ਼ਰੀਰ 'ਤੇ ਕੁਝ ਸੱਟਾਂ ਲੱਗੀਆਂ ਹਨ, ਪਰ ਸਮੇਂ ਸਿਰ ਇਲਾਜ ਮਿਲਣ ਕਾਰਨ ਉਹ ਖ਼ਤਰੇ ਤੋਂ ਬਾਹਰ ਹੈ | ਹਾਲਾਂਕਿ ਡਾਕਟਰਾਂ ਵਲੋਂ ਉਸ ਦੀ ਹਾਲਤ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ | ਇਸ ਦੌਰਾਨ ਹਾਦਸੇ ਦੀ ਸੀ.ਸੀ.ਟੀਵੀ ਫੁਟੇਜ ਵੀ ਸਾਹਮਣੇ ਆਈ ਹੈ | ਵੀਡੀਓ ਵਿਚ ਲੜਕੀ ਨੂੰ ਅਚਾਨਕ ਉਚਾਈ ਤੋਂ ਹੇਠਾਂ ਡਿੱਗਦਿਆਂ ਦੇਖਿਆ ਜਾ ਸਕਦਾ ਹੈ | ਡਿੱਗਣ ਤੋਂ ਬਾਅਦ ਉਹ ਦਰਦ ਨਾਲ ਜ਼ਮੀਨ 'ਤੇ ਪਈ ਤੜਪ ਰਹੀ ਸੀ | ਕੁਝ ਹੀ ਪਲਾਂ 'ਚ ਆਸ-ਪਾਸ ਦੇ ਲੋਕ ਉਸ ਦੀ ਮਦਦ ਲਈ ਦੌੜਦੇ ਨਜ਼ਰ ਆ ਰਹੇ ਹਨ | ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਸ਼ੁਰੂ ਵਿਚ ਕਈਆਂ ਨੂੰ ਸ਼ੱਕ ਹੋਇਆ ਸੀ ਕਿ ਸ਼ਾਇਦ ਕਿਸੇ ਨੇ ਲੜਕੀ ਨੂੰ ਧੱਕਾ ਦਿੱਤਾ ਹੋਵੇ, ਪਰ ਬਾਅਦ 'ਚ ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇਕ ਹਾਦਸਾ ਸੀ | ਪਰਿਵਾਰ ਅਨੁਸਾਰ ਖੁਸ਼ੀ ਰੋਜ਼ਾਨਾ ਦੀ ਤਰ੍ਹਾਂ ਕੱਪੜੇ ਸੁਕਾਉਣ ਲਈ ਛੱਤ 'ਤੇ ਗਈ ਹੋਈ ਸੀ ਅਤੇ ਅਚਾਨਕ ਫਿਸਲਣ ਕਾਰਨ ਇਹ ਘਟਨਾ ਵਾਪਰ ਗਈ | ਉੱਧਰ, ਸੈਕਟਰ 56 ਪੁਲਿਸ ਚੌਕੀ ਦੇ ਇੰਚਾਰਜ ਕੁਲਦੀਪ ਨੇ ਦੱਸਿਆ ਕਿ ਪੁਲਿਸ ਨੂੰ ਲੜਕੀ ਦੇ ਛੱਤ ਤੋਂ ਡਿੱਗਣ ਸਬੰਧੀ ਸੂਚਨਾ ਮਿਲੀ ਸੀ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਗਈ | ਜਾਂਚ ਦੌਰਾਨ ਸਾਹਮਣੇ ਆਇਆ ਕਿ ਲੜਕੀ ਕੱਪੜੇ ਸੁਕਾਉਣ ਦੌਰਾਨ ਫਿਸਲ ਗਈ ਸੀ | ਉਨ੍ਹਾਂ ਦੱਸਿਆ ਕਿ ਲੜਕੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ |