ਖਰੜ, 24 ਮਈ (ਗੁਰਮੁੱਖ ਸਿੰਘ ਮਾਨ)- ਵਿਜ਼ਨ ਇੰਸਟੀਚਿਊਟ ਖਰੜ ਵਲੋਂ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਪ੍ਰਾਪਤੀਆਂ ਨੂੰ ਲੈ ਕੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਡਾ. ਹਿਲੇਰੀ ਵਿਕਟਰ ਮੁੱਖ ਮਹਿਮਾਨ ਸਨ ਜਦਕਿ ਪੰਕਜ ਰੌਕੀ ਸਮਾਗਮ 'ਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ | ਸਮਾਗਮ ਦੀ ਸ਼ੁਰੂਆਤ ਗੁਰਲੀਨ ਦੇ ਸਵਾਗਤੀ ਭਾਸ਼ਣ ਨਾਲ ਹੋਈ | ਇਸ ਦੌਰਾਨ ਇੰਸਟੀਚਿਊਟ ਦੇ ਵਿਦਿਆਰਥੀ ਲਖਵੀਰ ਸਿੰਘ ਅਤੇ ਅਰਮਾਨ ਸੈਣੀ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ | ਹਰਪ੍ਰੀਤ ਕੌਰ ਨੇ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਤੇ ਵਿਦਿਆਰਥੀਆਂ ਨੂੰ ਵਧੀਆ ਕਾਰਗੁਜ਼ਾਰੀ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਨੇ ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦਿੱਤੀ ਤੇ ਬਾਕੀ ਵਿਦਿਆਰਥੀਆਂ ਨੂੰ ਪੜ੍ਹਾਈ ਤੇ ਸਮੁੱਚੀ ਸ਼ਖਸੀਅਤ ਦੇ ਵਿਕਾਸ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਸ ਸਮਾਗਮ ਵਿਚ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਹੈ ਉਸੇ ਤਰ੍ਹਾਂ ਉਹ ਆਪਣੀ ਪੜ੍ਹਾਈ ਵਿਚ ਨਿਪੁੰਨ ਹੋ ਕੇ ਅੱਗੇ ਆਉਣ | ਅੰਤ 'ਚ ਇੰਸਟੀਚਿਊਟ ਦੇ ਇੰਚਾਰਜ਼ ਨਵਨੀਤ ਸਿੰਘ ਬਡਵਾਲ ਨੇ ਈਸ਼ੀਤਾ, ਗੁਰਸ਼ੀਨ ਔਜਲਾ, ਜਸ਼ਨ, ਈਸ਼ਾਨ ਤੇ ਲਕਸ਼ੈ ਜੈਨ ਦਾ ਸਮਾਗਮ ਦੀ ਸਫਲਤਾ ਲਈ ਕੀਤੇ ਉਪਰਾਲੇ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |