ਮਾਜਰੀ, 24 ਮਈ (ਕੁਲਵੰਤ ਸਿੰਘ ਧੀਮਾਨ)-ਪੰਜਾਬ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਬ-ਤਹਿਸੀਲ ਮਾਜਰੀ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਕੰਮ ਪਹਿਲ ਦੇ ਆਧਾਰ 'ਤੇ ਸ਼ੁਰੂ ਕਰਵਾਇਆ ਜਾਵੇ | ਸਾਬਕਾ ਮੰਤਰੀ ਕੰਗ ਨੇ ਪੱਤਰ ਵਿਚ ਲਿਖਿਆ ਹੈ ਕਿ ਬੇਅੰਤ ਸਿੰਘ ਦੀ ਸਰਕਾਰ ਸਮੇਂ ਉਨ੍ਹਾਂ ਵਲੋਂ ਮਾਲ ਮੰਤਰੀ ਹੁੰਦਿਆਂ ਲੋਕ ਹਿੱਤ 'ਚ ਹੰਭਲਾ ਮਾਰ ਕੇ ਮਾਜਰੀ ਨੂੰ ਨਵੀਂ ਸਬ-ਤਹਿਸੀਲ ਬਣਵਾਇਆ ਸੀ, ਜੋ ਕਿ ਅੱਜ ਤੱਕ ਸਮੁੱਚੇ ਘਾੜ ਇਲਾਕੇ ਦੇ ਲੋਕਾਂ ਦੀ ਬਾਖ਼ੂਬੀ ਸੇਵਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸਬ-ਤਹਿਸੀਲ ਲੰਮੇ ਸਮੇਂ ਤੋਂ ਬੀ. ਡੀ. ਪੀ. ਓ. ਦਫ਼ਤਰ ਮਾਜਰੀ ਦੀ ਇਮਾਰਤ ਦੇ ਇਕ ਹਿੱਸੇ ਵਿਚ ਚੱਲ ਰਹੀ ਹੈ, ਲਿਹਾਜ਼ਾ ਢੁਕਵੀਂ ਬਿਲਡਿੰਗ ਦੀ ਘਾਟ ਕਾਰਨ ਇਥੇ ਆਪਣੇ ਕੰਮਾਂਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਮਾਜਰੀ ਤਹਿਸੀਲ ਦੇ ਸਾਰੇ ਕਰਮਚਾਰੀਆਂ ਦੇ ਬੈਠਣ ਅਤੇ ਰਿਕਾਰਡ ਆਦਿ ਨੂੰ ਰੱਖਣ ਲਈ ਵੀ ਜਗ੍ਹਾ ਦੀ ਕਾਫ਼ੀ ਘਾਟ ਹੈ | ਉਨ੍ਹਾਂ ਕਿਹਾ ਕਿ ਉਕਤ ਬਿਲਡਿੰਗ ਦੀ ਮਹੱਤਤਾ ਨੂੰ ਦੇਖਦੇ ਹੋਏ ਉਹ ਪਹਿਲਾਂ ਵੀ ਕਈ ਵਾਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਨ, ਪ੍ਰੰਤੂ ਅੱਜ ਤੱਕ ਕੁਝ ਵੀ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਕਿ ਨਵੀਂ ਬਿਲਡਿੰਗ ਬਣਵਾਉਣ ਲਈ ਬਲਾਕ ਸੰਮਤੀ ਮਾਜਰੀ ਤੋਂ ਮਤਾ ਵੀ ਪਾਸ ਕਰਵਾ ਦਿੱਤਾ ਗਿਆ ਸੀ, ਪਰ ਹਾਲੇ ਵੀ ਪ੍ਰਾਜੈਕਟ ਠੰਢੇ ਬਸਤੇ 'ਚ ਪਿਆ ਹੋਇਆ ਹੈ | ਕੰਗ ਨੇ ਪੱਤਰ 'ਚ ਸਪੱਸ਼ਟ ਕੀਤਾ ਹੈ ਕਿ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਨੇ ਸਬ-ਤਹਿਸੀਲ ਮਾਜਰੀ ਦੀ ਨਵੀਂ ਬਿਲਡਿੰਗ ਬਣਾਉਣ ਬਾਰੇ ਢੁਕਵੇਂ ਫ਼ੰਡ ਵੀ ਅਲਾਟ ਕਰ ਦਿੱਤੇ ਹਨ, ਪ੍ਰੰਤੂ ਪੰਚਾਇਤੀ ਰਾਜ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਅਤੇ ਢੁਕਵਾਂ ਤਾਲਮੇਲ ਨਾ ਹੋਣ ਕਾਰਨ ਇਹ ਪ੍ਰਾਜੈਕਟ ਠੱਪ ਪਿਆ ਹੈ | ਕੰਗ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸਬ-ਤਹਿਸੀਲ ਮਾਜਰੀ ਦੀ ਨਵੀਂ ਇਮਾਰਤ ਦਾ ਕੰਮ ਸ਼ੁਰੂ ਕਰਵਾਇਆ ਜਾਵੇ |