ਐੱਸ. ਏ. ਐੱਸ. ਨਗਰ, 24 ਮਈ (ਪ੍ਰੋ. ਅਵਤਾਰ ਸਿੰਘ)- ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਸ਼ਹਿਰ 'ਚ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਬੇਸਹਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਮਗੌਲੀ ਵਿਖੇ ਨਗਰ ਨਿਗਮ ਦੀ ਜ਼ਮੀਨ 'ਚ ਡੌਗ ਸ਼ੈਲਟਰ ਬਣਾਉਣ ਦੀ ਮੰਗ ਕੀਤੀ ਹੈ | ਆਪਣੇ ਪੱਤਰ 'ਚ ਬੇਦੀ ਨੇ ਕਿਹਾ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ 'ਚ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਖ਼ਾਸ ਕਰਕੇ ਸੀਨੀਅਰ ਸਿਟੀਜ਼ਨ, ਸਵੇਰੇ-ਸ਼ਾਮ ਸੈਰ ਕਰਨ ਵਾਲੇ ਲੋਕ, ਸਕੂਲੀ ਬੱਚੇ ਤੇ ਮਹਿਲਾਵਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਹਾਲ ਹੀ 'ਚ ਸੁਪਰੀਮ ਕੋਰਟ ਵਲੋਂ ਬੇਸਹਾਰਾ ਕੁੱਤਿਆਂ ਸੰਬੰਧੀ ਦਿੱਤੇ ਗਏ ਆਦੇਸ਼ਾਂ 'ਚ ਜਨਤਕ ਥਾਵਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾ ਕੇ ਸ਼ੈਲਟਰਾਂ 'ਚ ਭੇਜਣ ਲਈ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਵਾਸਤੇ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਸਮਗੌਲੀ ਵਿਖੇ ਨਗਰ ਨਿਗਮ ਦੇ ਕਬਜ਼ੇ ਹੇਠ ਲਗਭਗ 39 ਏਕੜ ਜ਼ਮੀਨ ਪਈ ਹੈ ਜਿਸ 'ਚੋਂ ਕੁਝ ਹਿੱਸੇ ਨੂੰ ਡੌਗ ਸ਼ੈਲਟਰ ਲਈ ਵਰਤਿਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਉਕਤ ਜਗ੍ਹਾ ਦੇ ਇਕ ਪਾਸੇ ਚਾਰਦੀਵਾਰੀ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਡੰਪਿੰਗ ਗਰਾਊਾਡ ਦਾ ਕੰਮ ਵੀ ਅਜੇ ਤੱਕ ਸ਼ੁਰੂ ਨਹੀਂ ਹੋਇਆ, ਲਿਹਾਜ਼ਾ ਇਥੇ ਘੱਟ ਖ਼ਰਚੇ ਨਾਲ ਡੌਗ ਸ਼ੈਲਟਰ ਬਣਾਇਆ ਜਾ ਸਕਦਾ ਹੈ | ਉਨ੍ਹਾਂ ਨਿਗਮ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਗਮਾਡਾ ਵਲੋਂ ਹੋਰ ਜ਼ਮੀਨ ਸੰਬੰਧੀ ਕੋਈ ਫ਼ੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਇਸ ਜਗ੍ਹਾ ਨੂੰ ਅਸਥਾਈ ਤੇ ਤੁਰੰਤ ਹੱਲ ਵਜੋਂ ਵਰਤਿਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਮੌਕੇ ਦਾ ਮੁਆਇਨਾ ਕਰਵਾ ਕੇ ਨਕਸ਼ਾ ਤਿਆਰ ਕੀਤਾ ਜਾਵੇ ਅਤੇ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ |