ਐੱਸ. ਏ. ਐੱਸ. ਨਗਰ, 25 ਮਈ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਮੁਹਾਲੀ 'ਚ ਹੋਣ ਜਾ ਰਹੀਆਂ ਸਥਾਨਕ ਸਰਕਾਰ ਚੋਣਾਂ ਲਈ 4,80,781 ਵੋਟਰ 26 ਮਈ ਨੂੰ 166 ਵਾਰਡਾਂ 'ਚ ਚੋਣ ਮੈਦਾਨ 'ਚ ਉਤਰੇ 695 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਬਣਾਏ ਗਏ 498 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਜੋ ਕਿ ਸ਼ਾਮ ਦੇ 5 ਵਜੇ ਤੱਕ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ 2,48,415 ਪੁਰਸ਼ ਵੋਟਰ, 2,32,340 ਮਹਿਲਾ ਵੋਟਰ ਅਤੇ 26 ਹੋਰ ਵੋਟਰ ਹਨ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੁਹਾਲੀ ਦੇ 50 ਵਾਰਡਾਂ 'ਚ 227 ਉਮੀਦਵਾਰ ਚੋਣ ਮੈਦਾਨ 'ਚ ਹਨ | ਇਥੇ 90,505 ਪੁਰਸ਼, 84,844 ਮਹਿਲਾ ਤੇ 8 ਹੋਰ ਵੋਟਰ 184 ਪੋਲਿੰਗ ਬੂਥਾਂ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ | ਇਸੇ ਤਰ੍ਹਾਂ ਨਗਰ ਕੌਂਸਲ ਜ਼ੀਰਕਪੁਰ 'ਚ 31 ਵਾਰਡਾਂ ਤੋਂ 124 ਉਮੀਦਵਾਰ ਚੋਣ ਲੜ ਰਹੇ ਹਨ | ਇਥੇ 70,226 ਪੁਰਸ਼, 66,191 ਮਹਿਲਾ ਤੇ 8 ਹੋਰ ਵੋਟਰ 128 ਪੋਲਿੰਗ ਬੂਥਾਂ 'ਤੇ ਵੋਟ ਪਾਉਣਗੇ | ਇਸ ਤੋਂ ਇਲਾਵਾ ਨਗਰ ਕੌਂਸਲ ਡੇਰਾਬੱਸੀ 'ਚ 18 ਵਾਰਡਾਂ ਤੋਂ 79 ਉਮੀਦਵਾਰ ਚੋਣ ਮੈਦਾਨ 'ਚ ਹਨ ਜਦਕਿ ਇਕ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਦੇ ਚੁਣਿਆ ਜਾ ਚੁੱਕਾ ਹੈ | ਇਥੇ 26,888 ਪੁਰਸ਼, 24,564 ਮਹਿਲਾ ਤੇ 5 ਹੋਰ ਵੋਟਰ 51 ਪੋਲਿੰਗ ਬੂਥਾਂ 'ਤੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ | ਇਸੇ ਤਰ੍ਹਾਂ ਨਵਾਂਗਰਾਓਾ ਨਗਰ ਕੌਂਸਲ ਦੇ 21 ਵਾਰਡਾਂ 'ਚ 87 ਉਮੀਦਵਾਰ ਚੋਣ ਮੈਦਾਨ 'ਚ ਹਨ | ਇਥੇ 23,717 ਪੁਰਸ਼, 21,266 ਮਹਿਲਾ ਅਤੇ ਇਕ ਹੋਰ ਵੋਟਰ 51 ਪੋਲਿੰਗ ਬੂਥਾਂ 'ਤੇ ਵੋਟ ਪਾਉਣਗੇ ਜਦਕਿ ਲਾਲੜੂ ਨਗਰ ਕੌਂਸਲ ਦੇ 16 ਵਾਰਡਾਂ 'ਚ 61 ਉਮੀਦਵਾਰ ਚੋਣ ਲੜ ਰਹੇ ਹਨ ਜਦਕਿ ਇਕ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਦੇ ਚੁਣਿਆ ਜਾ ਚੁੱਕਾ ਹੈ | ਇਥੇ 16,031 ਪੁਰਸ਼, 14,360 ਮਹਿਲਾ ਅਤੇ 3 ਹੋਰ ਵੋਟਰ 33 ਪੋਲਿੰਗ ਬੂਥਾਂ 'ਤੇ ਵੋਟ ਪਾਉਣਗੇ | ਇਸੇ ਤਰ੍ਹਾਂ ਕੁਰਾਲੀ ਨਗਰ ਕੌਂਸਲ ਦੇ 17 ਵਾਰਡਾਂ 'ਚ 77 ਉਮੀਦਵਾਰ ਚੋਣ ਮੈਦਾਨ 'ਚ ਹਨ | ਇਥੇ 13,332 ਪੁਰਸ਼ ਅਤੇ 14,070 ਮਹਿਲਾ ਵੋਟਰ 33 ਪੋਲਿੰਗ ਬੂਥਾਂ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਜਦਕਿ ਬਨੰੂੜ ਨਗਰ ਕੌਂਸਲ ਦੇ 13 ਵਾਰਡਾਂ 'ਚ 40 ਉਮੀਦਵਾਰ ਚੋਣ ਮੈਦਾਨ 'ਚ ਹਨ | ਇਥੇ 7,716 ਪੁਰਸ਼, 7,045 ਮਹਿਲਾ ਤੇ ਇਕ ਹੋਰ ਵੋਟਰ 18 ਪੋਲਿੰਗ ਬੂਥਾਂ 'ਤੇ ਵੋਟ ਪਾਉਣਗੇ | ਇਸੇ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੋਨਮ ਚੌਧਰੀ ਨਾਲ ਸਕੂਲ ਆਫ਼ ਐਮੀਨੈਂਸ ਫੇਜ਼-3ਬੀ1 ਮੁਹਾਲੀ ਵਿਖੇ ਬਣਾਏ ਗਏ ਡਿਸਪੈਚ ਸੈਂਟਰ ਦਾ ਦੌਰਾ ਕਰਕੇ ਪੋਲਿੰਗ ਪਾਰਟੀਆਂ ਦੀ ਰਵਾਨਗੀ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਪੋਲਿੰਗ ਬੂਥਾਂ 'ਤੇ ਸੀ. ਸੀ. ਟੀ. ਵੀ. ਨਿਗਰਾਨੀ ਦੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਕੁੱਲ 498 ਪੋਲਿੰਗ ਬੂਥਾਂ 'ਚੋਂ 66 ਪੋਲਿੰਗ ਸਥਾਨਾਂ ਨੂੰ ਸੰਵੇਦਨਸ਼ੀਲ ਅਤੇ 181 ਨੂੰ ਅਤਿ-ਸੰਵੇਦਨਸ਼ੀਲ ਐਲਾਨਿਆ ਗਿਆ ਹੈ ਜਿਥੇ ਕਿ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ | ਉਨ੍ਹਾਂ ਵੋਟਰਾਂ ਖ਼ਾਸ ਕਰਕੇ ਬਜ਼ੁਰਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਰਹੀ ਗਰਮੀ ਨੂੰ ਧਿਆਨ 'ਚ ਰੱਖਦਿਆਂ ਉਹ ਸਵੇਰੇ ਜਲਦੀ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਪੁੱਜਣ | ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਬੂਥਾਂ 'ਤੇ ਛਾਂ ਅਤੇ ਪੀਣ ਵਾਲੇ ਪਾਣੀ ਦੇ ਯੋਗ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਨਿਰਪੱਖ, ਸ਼ਾਂਤਮਈ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਹਰ ਸੰਭਵ ਪ੍ਰਬੰਧ ਕੀਤੇ ਗਏ ਹਨ |