ਐੱਸ. ਏ. ਐੱਸ. ਨਗਰ, 26 ਮਈ (ਕਪਿਲ ਵਧਵਾ)-ਮੁਹਾਲੀ ਦੇ ਸੈਕਟਰ-87 ਨੇੜੇ ਐਚ. ਪੀ. ਪੈਟਰੋਲ ਪੰਪ ਕੋਲ ਦੇਰ ਰਾਤ ਇਕ ਸਕਾਰਪੀਓ ਕਾਰ 'ਚ ਸਵਾਰ ਨੌਜਵਾਨਾਂ ਵਲੋਂ ਦੋ ਨੌਜਵਾਨਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਗੋਲੀ ਚਲਾਉਣ ਅਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧ 'ਚ ਥਾਣਾ ਸੋਹਾਣਾ ਦੀ ਪੁਲਿਸ ਨੇ ਚਾਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਗੋਬਿੰਦਗੜ੍ਹ ਦੇ ਰਹਿਣ ਵਾਲੇ ਉਜਵੱਲ ਪੁਰੀ ਨੇ ਦੱਸਿਆ ਕਿ ਉਹ ਅਤੇ ਉਸ ਦੇ ਤਾਏ ਦਾ ਲੜਕਾ ਅਜੇ ਕੁਮਾਰ ਮੁਹਾਲੀ ਦੇ ਸੈਕਟਰ-88 ਸਥਿਤ ਬਲੀਕਿੰਟ ਸਟੋਰ ਵਿਚ ਕੰਮ ਕਰਦੇ ਹਨ | 24 ਮਈ ਨੂੰ ਤੜਕਸਾਰ ਕਰੀਬ 3.30 ਵਜੇ ਦੋਵੇਂ ਜਦੋਂ ਡਿਊਟੀ ਤੋਂ ਛੁੱਟੀ ਕਰਕੇ ਮੋਟਰਸਾਈਕਲਾਂ ਰਾਹੀਂ ਘਰ ਵਾਪਸ ਜਾ ਰਹੇ ਸਨ ਤਾਂ ਇਸੇ ਦੌਰਾਨ ਉਸ ਦੇ ਮੋਟਰਸਾਈਕਲ ਦਾ ਪੈਟਰੋਲ ਖ਼ਤਮ ਹੋ ਗਿਆ, ਜਿਸ ਕਾਰਨ ਅਜੇ ਕੁਮਾਰ ਉਸ ਦੇ ਮੋਟਰਸਾਈਕਲ ਨੂੰ ਪੈਰ ਨਾਲ ਧੱਕ ਕੇ ਪੈਟਰੋਲ ਪੰਪ ਵੱਲ ਲੈ ਕੇ ਜਾ ਰਿਹਾ ਸੀ | ਉਸ ਨੇ ਦੱਸਿਆ ਕਿ ਇਸੇ ਦੌਰਾਨ ਜਦੋਂ ਉਹ ਸੈਕਟਰ-87 ਸਥਿਤ ਐਚ. ਪੀ. ਪੈਟਰੋਲ ਪੰਪ ਕੋਲ ਪੁੱਜੇ ਤਾਂ ਪਿੱਛੋਂ ਆ ਰਹੀ ਕਾਲੇ ਰੰਗ ਦੀ ਸਕਾਰਪੀਓ ਕਾਰ ਦੇ ਚਾਲਕ ਨੇ ਹਾਰਨ ਵਜਾਇਆ | ਉਨ੍ਹਾਂ ਵਲੋਂ ਮੋਟਰਸਾਈਕਲ ਸਾਈਡ 'ਤੇ ਕਰਨ ਦੇ ਬਾਵਜੂਦ ਕਾਰ ਚਾਲਕ ਨੇ ਅਜੇ ਕੁਮਾਰ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਇਸ ਤੋਂ ਬਾਅਦ ਕਾਰ ਵਿਚੋਂ ਤਿੰਨ ਨੌਜਵਾਨ ਅਤੇ ਇਕ ਲੜਕੀ ਬਾਹਰ ਆਏ, ਜਿਨ੍ਹਾਂ ਵਿਚੋਂ ਇਕ ਦੇ ਹੱਥ 'ਚ ਰਿਵਾਲਵਰ ਸੀ | ਦੋਸ਼ ਹੈ ਕਿ ਉਕਤ ਵਿਅਕਤੀਆਂ ਨੇ ਆਉਂਦੇ ਹੀ ਦੋਵਾਂ ਨਾਲ ਹੱਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ | ਜਦੋਂ ਅਜੇ ਕੁਮਾਰ ਨੇ ਜੇਬ ਵਿਚੋਂ ਮੋਬਾਈਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਰਿਵਾਲਵਰਧਾਰੀ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ | ਇਸ ਦੌਰਾਨ ਉਸ ਨੌਜਵਾਨ ਨੇ ਪਹਿਲਾਂ ਅਜੇ ਕੁਮਾਰ ਵੱਲ ਫਾਇਰ ਕੀਤਾ ਜੋ ਉਸ ਦੇ ਕੰਨ ਦੇ ਕੋਲੋਂ ਲੰਘ ਗਿਆ | ਬਾਅਦ ਵਿਚ ਦੂਜਾ ਫਾਇਰ ਉਸ ਦੇ ਖੱਬੇ ਪੱਟ 'ਤੇ ਲੱਗਾ, ਜਿਸ ਨਾਲ ਉਹ ਜ਼ਖ਼ਮੀ ਹੋ ਕੇ ਡਿੱਗ ਪਿਆ | ਪੀੜਤਾਂ ਵਲੋਂ ਰੌਲਾ ਪਾਉਣ 'ਤੇ ਮੁਲਜ਼ਮ ਉਨ੍ਹਾਂ ਦੇ ਮੋਬਾਈਲ ਫ਼ੋਨ ਖੋਹ ਕੇ ਸਕਾਰਪੀਓ ਕਾਰ 'ਚ ਫ਼ਰਾਰ ਹੋ ਗਏ | ਜ਼ਖ਼ਮੀ ਅਜੇ ਕੁਮਾਰ ਨੂੰ ਪਹਿਲਾਂ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਵਿਖੇ ਲਿਜਾਇਆ ਗਿਆ, ਜਿਥੋਂ ਮੁੱਢਲੇ ਇਲਾਜ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ | ਬਾਅਦ ਵਿਚ ਵੱਧ ਖ਼ੂਨ ਵਹਿਣ ਕਾਰਨ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ | ਥਾਣਾ ਸੋਹਾਣਾ ਦੀ ਪੁਲਿਸ ਨੇ ਉਜਵੱਲ ਪੁਰੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬੀ. ਐਨ. ਐਸ ਦੀ ਧਾਰਾ 109, 3 (5) ਅਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ 25, 27, 54 ਅਤੇ 59 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |