ਡੇਰਾਬੱਸੀ, 26 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਦੇ ਦੋ ਸੀਨੀਅਰ ਆਗੂਆਂ ਵਲੋਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ | ਚੋਣ ਪ੍ਰਕਿਰਿਆ ਦੌਰਾਨ ਵਾ. ਨੰ. 10 'ਚ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਪੋਲਿੰਗ ਬੂਥ 'ਤੇ ਪਹੁੰਚ ਕੇ ਆਪਣੀ ਵੋਟ ਪਾਈ, ਜਦਕਿ ਦੂਜੇ ਪਾਸੇ ਵਾ. ਨੰ. 16 ਵਿਖੇ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਵਲੋਂ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕਰਦਿਆਂ ਵੋਟ ਦਾ ਭੁਗਤਾਨ ਕੀਤਾ ਗਿਆ | ਇਸ ਦੌਰਾਨ ਦੋਵਾਂ ਸੀਨੀਅਰ ਆਗੂਆਂ ਦੇ ਆਪੋ-ਆਪਣੇ ਪੋਲਿੰਗ ਬੂਥਾਂ ਅਤੇ ਪਾਰਟੀ ਦੇ ਚੋਣ ਸਟਾਲਾਂ 'ਤੇ ਪਹੁੰਚਣ ਨਾਲ ਭਾਜਪਾ ਉਮੀਦਵਾਰਾਂ ਅਤੇ ਸਮਰਥਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਦੌਰਾਨ ਵਾਰਡ ਨੰ. 16 ਤੋਂ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਰੈਡੀ ਵਲੋਂ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਦੇ ਪੋਲਿੰਗ ਬੂਥ 'ਤੇ ਪਹੁੰਚਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸੇ ਤਰ੍ਹਾਂ ਵਾ. ਨੰ. 10 ਦੇ ਉਮੀਦਵਾਰ ਹਰਵਿੰਦਰ ਸਿੰਘ ਮਿੰਨਾ ਵਲੋਂ ਬੰਨੀ ਸੰਧੂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਉਮੀਦਵਾਰ ਰਣਜੀਤ ਸਿੰਘ ਰੈਡੀ ਨੇ ਦਾਅਵਾ ਕੀਤਾ ਕਿ ਚੋਣਾਂ 'ਚ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਇਲਾਕੇ ਦੇ ਲੋਕ ਵਿਕਾਸ ਦੀ ਨੀਤੀ 'ਤੇ ਮੋਹਰ ਲਗਾਉਣਗੇ |