ਚੰਡੀਗੜ੍ਹ, 30 ਮਈ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਵਿਖੇ ਇਕ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ 29 ਜੂਨ ਨੂੰ ਭਿਵਾਨੀ ਵਿਚ ਸੰਤ ਕਬੀਰ ਦਾਸ ਜੈਅੰੰਤੀ ਮਨਾਈ ਜਾਵੇਗੀ | ਇਸੇ ਤਰ੍ਹਾਂ ਉਹ ਪੰਜਾਬ ਦੇ ਅਬੋਹਰ ਅਤੇ ਲੁਧਿਆਣਾ ਵਿਚ ਵੀ ਕਰਵਾਏ ਜਾਣ ਵਾਲੇ ਜੈਅੰਤੀ ਸਮਾਰੋਹਾਂ 'ਚ ਸ਼ਾਮਲ ਹੋਣਗੇ | ਉਨ੍ਹਾਂ ਕਿਹਾ ਕਿ 2029 ਤੱਕ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ | ਹੁਣ ਤੱਕ 63 ਸੰਕਲਪ ਪੂਰੇ ਕੀਤੇ ਜਾ ਚੁੱਕੇ ਹਨ ਅਤੇ 153 ਸੰਕਲਪਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਮਾਜਿਕ ਨਿਆਂ, ਸਭਾਵੀਮਾਣ ਅਤੇ ਅਧਿਕਾਰਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੈ | ਉਨ੍ਹਾਂ ਕਿਹਾ ਕਿ ਸੰਤ ਕਬੀਰ ਦਾਸ ਦਾ ਵੀ ਇਹੋ ਸੰਦੇਸ਼ ਸੀ ਕਿ ਕਿਰਤ ਹੀ ਸਨਮਾਨ ਦਾ ਸਭ ਤੋਂ ਵੱਡਾ ਆਧਾਰ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸੇਵਾਵਾਂ ਵਿਚ ਅਨੁਸੂਚਿਤ ਜਾਤੀਆਂ ਲਈ ਰਾਖਵੇਂ 20 ਫ਼ੀਸਦੀ ਕੋਟੇ ਵਿਚੋਂ 10 ਫ਼ੀਸਦੀ ਹਿੱਸਾ ਵਿਸ਼ੇਸ਼ ਤੌਰ 'ਤੇ ਵਾਂਝੀਆਂ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਕੀਤਾ ਹੈ | ਇਹ ਸਮਾਜਿਕ ਨਿਆਂ ਦੀ ਦਿਸ਼ਾ ਵਿਚ ਇਤਿਹਾਸਕ ਕਦਮ ਹੈ | ਮੁੱਖ ਮੰਤਰੀ ਨੇ ਕਿਹਾ ਕਿ ਹੁਣ ਧਨ ਦੀ ਘਾਟ ਕਾਰਨ ਕੋਈ ਵੀ ਗ਼ਰੀਬ ਇਲਾਜ ਤੋਂ ਵਾਂਝਾ ਨਹੀਂ ਰਹੇਗਾ | ਆਯੁਸ਼ਮਾਨ ਭਾਰਤ-ਚਿਰਾਯੂ ਯੋਜਨਾ ਵਿਚ 29 ਲੱਖ 20 ਹਜ਼ਾਰ 806 ਮਰੀਜ਼ਾਂ ਦਾ 4 ਹਜ਼ਾਰ 131 ਕਰੋੜ ਰੁਪਏ ਨਾਲ ਮੁਫ਼ਤ ਇਲਾਜ ਕੀਤਾ ਗਿਆ ਹੈ | ਡਾਇਲੈਸਿਸ ਦੀ ਸਹੂਲਤ ਹਰ ਜ਼ਿਲ੍ਹਾ ਪੱਧਰ ਦੇ ਹਸਪਤਾਲ ਵਿਚ ਦੇਣ ਵਾਲਾ ਹਰਿਆਣਾ ਪਹਿਲਾ ਸੂਬਾ ਹੈ | ਹੁਣ ਤੱਕ ਦੋ ਲੱਖ ਮਰੀਜ਼ਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਹੈ | ਇਸ ਤੋਂ ਇਲਾਵਾ ਬਜ਼ੁਰਗਾਂ ਨੂੰ 3200 ਰੁਪਏ ਪੈਨਸ਼ਨ ਤੇ ਲਾਡੋ ਲੱਛਮੀ ਯੋਜਨਾ ਤਹਿਤ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾ ਰਹੇ ਹਨ | ਹੁਣ ਤੱਕ 1500 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ | ਪ੍ਰੋਗਰਾਮ ਵਿਚ ਰਾਜ ਸੂਚਨਾ ਕਮਿਸ਼ਨਰ ਅਮਰ ਜੀਤ ਸਿੰਘ, ਪੂਰਵ ਮੰਤਰੀ ਅਨੂਪ ਧਾਨਕ, ਬਾਬੂ ਰਾਮ ਅਬੋਹਰ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਰਾਜਪਾਲ ਇੰਦੋਰਾ, ਵਿਜੇ ਖਟਕ ਲੁਧਿਆਣਾ, ਧਰਮਬੀਰ ਡਾਵਲਾ, ਹੀਰਾ ਲਾਲ, ਰਾਮੇਸ਼ਵਰ ਆਦਿ ਅਧਿਕਾਰੀ ਮੌਜੂਦ ਰਹੇ |