ਚੰਡੀਗੜ੍ਹ, 30 ਮਈ (ਅਜੀਤ ਬਿਊਰੋ) - ਪੰਜਾਬ ਲੋਕ ਭਵਨ ਭਾਰਤ ਦੀ ਸਮਿ੍ੱਧ ਸੱਭਿਆਚਾਰਕ ਵਿਵਿਧਤਾ ਦਾ ਜੀਵੰਤ ਪ੍ਰਤੀਕ ਬਣ ਗਿਆ ਜਿੱਥੇ 'ਏਕ ਭਾਰਤ, ਸੇ੍ਰਸ਼ਠ ਭਾਰਤ' ਦੀ ਭਾਵਨਾ ਤਹਿਤ ਸਿੱਕਮ, ਗੋਆ ਤੇ ਤੇਲੰਗਾਨਾ ਦਾ ਸਥਾਪਨਾ ਦਿਵਸ ਉਤਸ਼ਾਹਪੂਰਵਕ ਮਨਾਇਆ ਗਿਆ | ਸਮਾਗਮ ਵਿਚ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਦੇ ਰੂਪ ਵਿਚ ਹਾਜ਼ਰ ਰਹੇ | ਪ੍ਰੋਗਰਾਮ ਵਿਚ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੁਆਰਾ ਪ੍ਰਸਤੁਤ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਦੇ ਜ਼ਰੀਏ ਤਿੰਨੇ ਰਾਜਾਂ ਦੀ ਸੱਭਿਆਚਾਰਕ ਵਿਰਾਸਤ, ਲੋਕ ਪਰੰਪਰਾਵਾਂ, ਸੰਗੀਤ ਤੇ ਸੱਭਿਆਚਾਰ ਦੀ ਝਲਕ ਪ੍ਰਸਤੁਤ ਕੀਤੀ ਗਈ | ਇਕੱਠ ਨੂੰ ਸੰਬੋਧਨ ਕਰਦੇ ਹੋਏ ਕਟਾਰੀਆ ਨੇ ਸਿੱਕਮ, ਗੋਆ ਤੇ ਤੇਲੰਗਾਨਾ ਦੇ ਲੋਕਾਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸ਼ਕਤੀ ਉਸ ਦੀ ਵਿਵਿਧਤਾ ਵਿਚ ਨਿਹਿਤ ਹੈ ਅਤੇ ਅਜਿਹੇ ਪ੍ਰੋਗਰਾਮ ਦੇਸ਼ ਦੇ ਰਾਜਾਂ ਦੇ ਸੱਭਿਆਚਾਰ ਤੇ ਪਰੰਪਰਾਵਾਂ ਨੂੰ ਸਮਝਣ ਅਤੇ ਸਲਾਹੁਣ ਦਾ ਅਵਸਰ ਪ੍ਰਦਾਨ ਕਰਦੇ ਹਨ | ਸ੍ਰੀ ਕਟਾਰੀਆ ਨੇ ਨੌਜਵਾਨਾਂ ਨੂੰ ਭਾਰਤ ਦੇ ਸੱਭਿਆਚਾਰਾਂ ਨੂੰ ਜਾਣਨ ਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਨੂੰ ਵਿਕਸਿਤ ਭਾਰਤ 2047 ਦੇ ਸੰਕਲਪ ਨੂੰ ਸਾਕਾਰ ਕਰਨ ਤੇ ਰਾਸ਼ਟਰੀ ਏਕਤਾ, ਸਦਭਾਵ ਤੇ ਆਪਸੀ ਸਮਝ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਸਰਗਰਮ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਭਾਰਤ ਦੇ ਐਡੀਸ਼ਨਲ ਸੌਲੀਸਿਟਰ ਜਨਰਲ ਸੱਤਿਆ ਪਾਲ ਜੈਨ, ਸਵਪਨਿਲ ਐੱਮ. ਨਾਇਕ ਆਈ.ਏ.ਐੱਸ ਸਕੱਤਰ ਪ੍ਰਾਹੁਣਾਚਾਰੀ ਚੰਡੀਗੜ੍ਹ ਪ੍ਰਸ਼ਾਸਨ, ਸਿੱਕਮ, ਗੋਆ ਤੇ ਤੇਲੰਗਾਨਾ ਰਾਜਾਂ ਦੇ ਪ੍ਰਤੀਨਿਧੀ ਸੀਨੀਅਰ ਅਧਿਕਾਰੀ ਤੇ ਹੋਰ ਪਤਵੰਤੇ ਮਹਿਮਾਨ ਵੀ ਹਾਜ਼ਰ ਸਨ |