ਜ਼ੀਰਕਪੁਰ, 31 ਮਈ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਅਤੇ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁਲਜ਼ਮ ਦੀ ਪਛਾਣ ਪੰਕਜ ਵਜੋਂ ਹੋਈ ਹੈ | ਥਾਣਾ ਜ਼ੀਰਕਪੁਰ ਦੇ ਐਸ. ਆਈ. ਜੀਵਨ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹ ਪੁਲਿਸ ਟੀਮ ਨਾਲ ਗਸ਼ਤ ਕਰ ਰਹੇ ਸੀ | ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਚੰਡੀਗੜ੍ਹ ਦੇ ਠੇਕੇਦਾਰ ਸ਼ਰਾਬ ਇਕੱਠੀ ਕਰ ਕੇ ਹਰਿਆਣਾ ਤੇ ਦਿੱਲੀ 'ਚ ਤਸਕਰੀ ਕਰਦੇ ਹਨ | ਇਸ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਪੁਲਿਸ ਟੀਮ ਨਾਲ ਨਾਕਾਬੰਦੀ ਕਰ ਕੇ ਮੈਕ-ਡੀ ਚੌਕ ਨੇੜੇ ਇਕ ਦਿੱਲੀ ਨੰਬਰ ਮਹਿੰਦਰਾ ਪਿੱਕਅਪ ਗੱਡੀ ਨੂੰ ਰੋਕਿਆ ਤੇ ਗੱਡੀ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 100 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਗਈਆਂ, ਜੋ ਕਿ ਚੰਡੀਗੜ੍ਹ ਵਿਖੇ ਵਿਕਣਯੋਗ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ 80 ਪੇਟੀਆਂ ਦੇਸੀ ਸ਼ਰਾਬ ਸੰਤਰਾ ਤੇ 20 ਪੇਟੀਆਂ ਬਲਿਊ ਸਟਰੋਕ ਦੀਆਂ ਬਰਾਮਦ ਹੋਈਆਂ | ਪੁੱਛਗਿੱਛ ਦੌਰਾਨ ਗੱਡੀ ਦੇ ਡਰਾਈਵਰ ਪੰਕਜ ਨੇ ਦੱਸਿਆ ਕਿ ਉਹ ਇਹ ਸ਼ਰਾਬ ਦਿੱਲੀ ਲੈ ਕੇ ਜਾ ਰਿਹਾ ਸੀ | ਇਸ ਦੌਰਾਨ ਮੁਲਜ਼ਮ ਮੌਕੇ 'ਤੇ ਪੁਲਿਸ ਨੂੰ ਇਸ ਸ਼ਰਾਬ ਦਾ ਕੋਈ ਪਰਮਿਟ ਜਾਂ ਲਾਇਸੰਸ ਨਹੀਂ ਦਿਖਾ ਸਕਿਆ | ਪੁਲਿਸ ਨੇ ਗੱਡੀ ਤੇ ਸ਼ਰਾਬ ਨੂੰ ਜ਼ਬਤ ਕਰ ਡਰਾਈਵਰ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ | ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |