ਡੇਰਾਬੱਸੀ, 31 ਮਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਵਿਧਾਨ ਸਭਾ ਹਲਕੇ ਅਧੀਨ ਆਉਂਦੀਆਂ ਡੇਰਾਬੱਸੀ, ਲਾਲੜੂ ਤੇ ਜ਼ੀਰਕਪੁਰ ਨਗਰ ਕੌਂਸਲਾਂ ਦੇ ਚੋਣ ਨਤੀਜਿਆਂ ਨੇ ਹਲਕੇ ਦੀ ਸਿਆਸੀ ਤਸਵੀਰ ਨੂੰ ਸਪੱਸ਼ਟ ਕਰ ਦਿੱਤਾ ਹੈ | ਤਿੰਨਾਂ ਸ਼ਹਿਰੀ ਸਥਾਨਕ ਸੰਸਥਾਵਾਂ 'ਚ ਆਮ ਆਦਮੀ ਪਾਰਟੀ ਵੋਟਾਂ ਦੇ ਆਧਾਰ 'ਤੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ | ਇਸ ਨਤੀਜੇ ਨੂੰ ਸਰਕਾਰ ਦੀਆਂ ਲੋਕ-ਭਲਾਈ ਤੇ ਵਿਕਾਸ ਪੱਖੀ ਨੀਤੀਆਂ 'ਤੇ ਲੋਕਾਂ ਵਲੋਂ ਜਤਾਏ ਭਰੋਸੇ ਵਜੋਂ ਦੇਖਿਆ ਜਾ ਰਿਹਾ ਹੈ | ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਵਿਕਾਸ, ਪਾਰਦਰਸ਼ਤਾ ਅਤੇ ਇਮਾਨਦਾਰ ਪ੍ਰਸ਼ਾਸਨ ਨੂੰ ਤਰਜੀਹ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਹ ਫ਼ਤਵਾ ਸਰਕਾਰ ਦੀਆਂ ਲੋਕ-ਕੇਂਦਰਿਤ ਨੀਤੀਆਂ ਪ੍ਰਤੀ ਲੋਕਾਂ ਦੇ ਵਿਸ਼ਵਾਸ ਦਾ ਪ੍ਰਤੀਕ ਹੈ | ਅੰਕੜਿਆਂ ਅਨੁਸਾਰ ਤਿੰਨਾਂ ਨਗਰ ਕੌਂਸਲਾਂ ਵਿਚ ਕੁੱਲ 1,16,358 ਵੋਟਾਂ ਪਈਆਂ, ਜਿਨ੍ਹਾਂ 'ਚੋਂ ਆਮ ਆਦਮੀ ਪਾਰਟੀ ਨੂੰ 41,529 ਵੋਟਾਂ ਮਿਲੀਆਂ, ਜੋ ਕੁੱਲ ਵੋਟਾਂ ਦਾ 35.69 ਫ਼ੀਸਦੀ ਬਣਦੀਆਂ ਹਨ | ਇਸ ਤਰ੍ਹਾਂ 'ਆਪ' ਨੇ ਆਪਣੇ ਨਜ਼ਦੀਕੀ ਵਿਰੋਧੀ ਦਲਾਂ ਤੋਂ ਵੱਡੀ ਬੜਤ ਹਾਸਿਲ ਕੀਤੀ | ਉਨ੍ਹਾਂ ਕਿਹਾ ਕਿ ਵੋਟਾਂ ਦੇ ਅੰਕੜਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ 25,528 ਵੋਟਾਂ (21.94 ਫ਼ੀਸਦੀ), ਭਾਜਪਾ ਨੂੰ 21,718 ਵੋਟਾਂ (18.66 ਫ਼ੀਸਦੀ) ਤੇ ਕਾਂਗਰਸ ਨੂੰ 18,920 ਵੋਟਾਂ (16.26 ਫ਼ੀਸਦੀ) ਪ੍ਰਾਪਤ ਹੋਈਆਂ | ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਦੇ ਹਿੱਸੇ 6,880 ਵੋਟਾਂ (5.91 ਫ਼ੀਸਦੀ) ਆਈਆਂ | ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕਾਂ, ਸਰਕਾਰੀ ਸਕੂਲਾਂ 'ਚ ਸੁਧਾਰ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਤੇ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਵਰਗੇ ਕਦਮਾਂ ਨੂੰ ਲੋਕਾਂ ਨੇ ਖੁੱਲ੍ਹ ਕੇ ਸਮਰਥਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਡੇਰਾਬੱਸੀ, ਲਾਲੜੂ ਤੇ ਜ਼ੀਰਕਪੁਰ ਦੇ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਕਿ ਉਹ ਵਿਕਾਸ ਤੇ ਕੰਮ ਦੀ ਰਾਜਨੀਤੀ ਨੂੰ ਤਰਜੀਹ ਦਿੰਦੇ ਹਨ | ਵਿਧਾਇਕ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਤੇ ਵਲੰਟੀਅਰਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ |