ਦਿਨ-ਦਿਹਾੜੇ ਬੰਦ ਘਰ 'ਚੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ
ਅਜੀਤ ਡੈਸਕ
02-06-2026
ਜ਼ੀਰਕਪੁਰ, 1 ਜੂਨ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਡਾਕਟਰ ਦੀ ਸ਼ਿਕਾਇਤ 'ਤੇ ਉਸ ਦੇ ਘਰ 'ਚੋਂ ਦਿਨ-ਦਿਹਾੜੇ ਲੱਖਾਂ ਰੁ. ਦੀ ਨਕਦੀ ਤੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਇਕ ਅਣਪਛਾਤੇ ਨੌਜਵਾਨ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਡਾਕਟਰ ਜੋੜੇ ਨੇ ਕਿਹਾ ਕਿ ਉਹ ਏਅਰਪੋਰਟ ਰੋਡ 'ਤੇ ਸਥਿਤ ਐਰੋਸਿਟੀ ਦੇ ਐੱਚ ਬਲਾਕ 'ਚ ਰਹਿੰਦੇ ਹਨ | 25 ਮਈ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ 9.30 ਵਜੇ ਦੇ ਕਰੀਬ ਘਰ ਨੂੰ ਤਾਲਾ ਲਗਾ ਕੇ ਪੰਚਕੂਲਾ ਸਥਿਤ ਆਪਣੇ ਦਫ਼ਤਰ ਗਏ ਸਨ ਅਤੇ ਸ਼ਾਮ ਦੇ 6 ਵਜੇ ਦੇ ਕਰੀਬ ਜਦੋਂ ਉਹ ਵਾਪਸ ਆਏ ਤਾਂ ਘਰ 'ਚ ਦਾਖ਼ਲ ਹੋਣ 'ਤੇ ਉਨ੍ਹਾਂ ਦੇਖਿਆ ਕਿ ਅੰਦਰ ਸਾਮਾਨ ਖਿੱਲਰਿਆ ਪਿਆ ਸੀ | ਸ਼ਿਕਾਇਤ ਦੇ ਅਨੁਸਾਰ ਇਕ ਅਣਪਛਾਤਾ ਚੋਰ ਘਰ 'ਚ ਬੈੱਡਰੂਮ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਉਪਰਲੀ ਮੰਜ਼ਿਲ ਰਾਹੀਂ ਦਾਖ਼ਲ ਹੋਇਆ | ਚੋਰ ਨੇ ਲਾਕਰਾਂ ਨੂੰ ਤੋੜਨ ਲਈ ਘਰੇਲੂ ਸਾਮਾਨ ਨਾਲ ਵੱਡੇ ਪੱਧਰ 'ਤੇ ਛੇੜਛਾੜ ਤੇ ਭੰਨਤੋੜ ਵੀ ਕੀਤੀ | ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਜਦੋਂ ਘਰ ਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਦੁਪਹਿਰ 12 ਵਜੇ ਇਕ 20 ਤੋਂ 25 ਸਾਲ ਦੀ ਉਮਰ ਦਾ ਅਣਪਛਾਤਾ ਨੌਜਵਾਨ ਘਰ 'ਚ ਦਾਖ਼ਲ ਹੋਇਆ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਉਪਰੰਤ ਫ਼ਰਾਰ ਹੋ ਗਿਆ |