ਡੇਰਾਬੱਸੀ, 12 ਜੂਨ (ਗੁਰਮੀਤ ਸਿੰਘ)- ਡੇਰਾਬੱਸੀ ਨਗਰ ਕੌਂਸਲ ਵਿਕਾਸ ਕਾਰਜਾਂ 'ਤੇ ਕਰੋੜਾਂ ਤਾਂ ਖ਼ਰਚ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਸਰਕਾਰੀ ਪੈਸੇ ਦੀ ਰੱਜ ਕੇ ਬਰਬਾਦੀ ਕੀਤੀ ਜਾ ਰਹੀ ਹੈ | ਇਸ ਦੀ ਜਿਊਾਦੀ ਜਾਗਦੀ ਮਿਸਾਲ ਐੱਸ. ਡੀ. ਐੱਮ. ਦਫ਼ਤਰ ਨੂੰ ਜਾਂਦੀ ਸੜਕ 'ਤੇ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਥੋੜ੍ਹੀ ਦੇਰ ਹੋਈ ਬਾਰਿਸ਼ ਤੋਂ ਬਾਅਦ ਲੁਹਾਰਾਂ ਵਾਲਾ ਮੁਹੱਲਾ ਪਾਣੀ 'ਚ ਡੁੱਬ ਗਿਆ | ਮੁਹੱਲੇ ਦੀ ਗਲੀ 'ਚ ਘਰਾਂ ਅੱਗੇ ਭਰੇ ਬਾਰਿਸ਼ ਦੇ ਪਾਣੀ ਨੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਦੋਸ਼ ਲਗਾਇਆ ਕਿ ਡੇਰਾਬੱਸੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਠੇਕੇਦਾਰਾਂ ਨਾਲ ਮਿਲ ਕੇ ਸ਼ਹਿਰ ਦਾ ਭੱਠਾ ਬਿਠਾ ਦਿੱਤਾ ਹੈ | ਗਲੀਆਂ ਅਤੇ ਸੜਕਾਂ 'ਚ ਕਰੋੜਾਂ ਦੀਆਂ ਟਾਈਲਾਂ ਤਾਂ ਲੱਗਾ ਦਿੱਤੀ ਗਈਆਂ ਪਰ ਇਨ੍ਹਾਂ ਟਾਈਲਾਂ ਦੇ ਬੇਰਤੀਬ ਹੋਣ ਕਾਰਨ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਜਿਸ ਸੜਕ 'ਤੇ ਸਾਰਾ ਦਿਨ ਵਾਹਨਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ, ਉਸ ਸੜਕ ਨੂੰ ਦੁਬਾਰਾ ਬਣਾਉਣ ਦੀ ਥਾਂ ਉਸ ਦੇ ਉੱਪਰ ਹੀ ਟਾਈਲਾਂ ਲੱਗਾ ਦਿੱਤੀਆਂ ਗਈਆਂ ਜਿਸ ਕਾਰਨ ਸੜਕ ਦਾ ਪੱਧਰ ਨਾਲ ਲੱਗਦੀਆਂ ਦਰਜਨਾਂ ਗਲੀਆਂ ਤੋਂ ਉੱਚਾ ਹੋ ਗਿਆ ਤੇ ਬਰਸਾਤੀ ਪਾਣੀ ਨੂੰ ਨਿਕਾਸੀ ਲਈ ਰਾਹ ਨਾ ਮਿਲਣ ਕਾਰਨ ਗਲੀਆਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ | ਅਜਿਹੇ ਹਾਲਾਤ ਇਕ ਥਾਂ ਨਹੀਂ ਬਲਕਿ ਸ਼ਹਿਰ ਦੇ ਕੋਨੇ-ਕੋਨੇ ਵਿਚ ਦੇਖਣ ਨੂੰ ਮਿਲ ਜਾਂਦੇ ਹਨ ਜਿੱਥੇ ਕਿ ਗਲੀਆਂ ਉੱਚੀਆਂ ਨੀਵੀਂਆਂ ਹੋਈਆਂ ਪਈਆਂ ਹਨ ਤੇ ਠੇਕੇਦਾਰਾਂ ਵਲੋਂ ਆਪਣੀ ਨਾਕਾਮੀ ਛੁਪਾਉਣ ਲਈ ਰੈਂਪ ਬਣਾ ਦਿੱਤੇ ਗਏ | ਐੱਸ. ਡੀ. ਐੱਮ. ਦਫ਼ਤਰ ਨੇੜੇ ਪਾਰਕ ਕੋਲ ਵੀ ਅਜਿਹੀ ਹੀ ਸਥਿਤੀ ਦੇਖਣ ਨੂੰ ਮਿਲਦੀ ਹੈ | ਸ਼ਹਿਰ ਵਾਸੀਆਂ ਨੇ ਕਿਹਾ ਕਿ ਸਰਕਾਰੀ ਕੰਮਾਂ ਦੀ ਨਿਗਰਾਨੀ ਕਰਨ ਵਾਲੇ ਨਗਰ ਕੌਂਸਲ ਦੇ ਅਧਿਕਾਰੀ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾ ਰਹੇ ਜਿਸ ਕਾਰਨ ਜਿਥੇ ਸਰਕਾਰੀ ਪੈਸਾ ਬਰਬਾਦ ਹੋ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ | ਸਥਾਨਕ ਵਸਨੀਕਾਂ ਦਾ ਕਹਿਣਾ ਸੀ ਕਿ ਥੋੜ੍ਹੀ ਦੇਰ ਹੋਈ ਬਾਰਿਸ਼ ਨਾਲ ਇਹ ਹਾਲਾਤ ਬਣ ਗਏ ਤਾਂ ਜ਼ਿਆਦਾ ਬਾਰਿਸ਼ ਹੋਣ 'ਤੇ ਉਨ੍ਹਾਂ ਦੀ ਕੀ ਬਣਗੇਗਾ | ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਸਮੱਸਿਆ ਦੇ ਫੌਰੀ ਹੱਲ ਦੀ ਮੰਗ ਕੀਤੀ ਹੈ | ਦੱਸਣਯੋਗ ਹੈ ਕਿ ਪਹਿਲਾਂ ਤਹਿਸੀਲ ਕੰਪਲੈਕਸ ਤੋਂ ਅਕਾਲੀ ਮਾਰਕੀਟ ਨੂੰ ਜਾਂਦੀ ਸੜਕ ਅਕਸਰ ਬਾਰਿਸ਼ ਹੋਣ 'ਤੇ ਡੁੱਬ ਜਾਂਦੀ ਸੀ | ਇਸ ਮਸਲੇ ਦਾ ਹੱਲ ਕੱਢਣ ਲਈ ਪਹਿਲਾਂ ਡਰੇਨੇਜ਼ ਪਾਈ ਗਈ ਤੇ ਫ਼ਿਰ ਸੜਕ ਦੇ ਉੱਪਰ ਹੀ ਟਾਈਲਾਂ ਲਗਾ ਕੇ ਇਸ ਨੂੰ ਉੱਚਾ ਕਰ ਦਿੱਤਾ ਗਿਆ ਪਰ ਨਾਲ ਲੱਗਦੀਆਂ ਗਲੀਆਂ ਦੇ ਨੀਵੀਂਆਂ ਰਹਿਣ ਕਰਕੇ ਸਮੱਸਿਆ ਹੋਰ ਗੰਭੀਰ ਹੋ ਗਈ |